ਮੈਲਬਰਨ – ਆਸਟਰੇਲੀਆਈ ਕਪਤਾਨ ਐਰੌਨ ਫ਼ਿੰਚ ਨੇ ਪਾਕਿਸਤਾਨ ਖਿਲਾਫ਼ ਇੱਕ ਨਵੀਂ ਉਪਲਬਧੀ ਆਪਣੇ ਨਾਂ ਕਰ ਲਈ। ਕੰਗਾਰੂ ਟੀਮ ਇੱਥੇ ਪਾਕਿਸਤਾਨ ਖ਼ਿਲਾਫ਼ T-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡ ਰਹੀ ਸੀ। ਇਹ ਮੈਚ ਭਲੇ ਮੀਂਹ ਦੀ ਭੇਂਟ ਚੜ੍ਹ ਗਿਆ, ਪਰ ਰੱਦ ਹੋਣ ਤੋਂ ਪਹਿਲਾਂ ਮੈਚ ‘ਚ ਦੋ ਛੱਕੇ ਲਗਾਉਣ ਵਾਲੇ ਫ਼ਿੰਚ ਨੇ ਇਸ ਨੂੰ ਆਪਣੇ ਲਈ ਯਾਦਗਾਰੀ ਬਣਾ ਲਿਆ। ਹੁਣ ਫ਼ਿੰਚ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਤੇਜ਼ 200 ਛੱਕੇ ਮਾਰਨ ਵਾਲਾ ਖਿਡਾਰੀ ਹੈ।
ਆਸਟਰੇਲੀਆ ਦੇ ਕਪਤਾਨ ਐਰੌਨ ਫ਼ਿੰਚ ਨੇ T-20 ‘ਚ ਸਭ ਤੋਂ ਤੇਜ਼ੀ ਨਾਲ 200 ਛੱਕੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ। ਫ਼ਿੰਚ ਨੇ ਆਪਣੇ ਕਰੀਅਰ ਦੀ 181ਵੀਂ ਅੰਤਰਰਾਸ਼ਟਰੀ ਪਾਰੀਆਂ ‘ਚ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਸਾਬਕਾ ਖਿਡਾਰੀ ਸ਼ਾਹਿਦ ਅਫ਼ਰੀਦੀ ਦੇ ਨਾਂ ਦਰਜ ਸੀ ਜਿਸ ਨੇ 214ਵੀਂ ਅੰਤਰਾਰਸ਼ਟਰੀ ਪਾਰੀ ‘ਚ 200ਵਾਂ ਛੱਕਾ ਲਾਇਆ ਸੀ। ਇੰਟਰਨੈਸ਼ਨਲ ਕ੍ਰਿਕਟ ‘ਚ 200 ਜਾਂ ਇਸ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਫ਼ਿੰਚ ਦੁਨੀਆਂ ਦਾ 24ਵਾਂ ਕ੍ਰਿਕਟਰ ਬਣ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਸਭ ਤੋਂ ਤੇਜ਼ 200 ਛੱਕੇ ਲਗਾਉਣ ਵਾਲੇ ਟੌਪ ਤਿੰਨ ਬੱਲੇਬਾਜ਼: ਐਰੌਨ ਫ਼ਿੰਚ – 181 ਪਾਰੀਆਂ; ਸ਼ਾਹਿਦ ਅਫ਼ਰੀਦੀ – 214 ਪਾਰੀਆਂ; ਰੋਹਿਤ ਸ਼ਰਮਾ – 242 ਪਾਰੀਆਂ।
ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲੇ ਖਿਡਾਰੀ – ਕ੍ਰਿਸ ਗੇਲ 462 ਮੈਚਾਂ ਦੀਆਂ 530 ਪਾਰੀਆਂ ਵਿੱਚ 534 ਛੱਕੇ; ਸ਼ਾਹਿਦ ਅਫ਼ਰੀਦੀ 524 ਮੈਚਾਂ ਦੀਆਂ 508 ਪਾਰੀਆਂ ‘ਚ 476 ਛੱਕੇ; ਬਰੈਂਡਨ ਮੈਕਲਮ 432 ਮੈਚਾਂ ਦੀਆਂ 474 ਪਾਰੀਆਂ ‘ਚ 398 ਛੱਕੇ ਅਤੇ ਰੋਹਿਤ ਸ਼ਰਮਾ 347 ਮੈਚਾਂ ਦੀਆਂ 353 ਪਾਰੀਆਂ ‘ਚ 392 ਛੱਕੇ।
ਇੱਥੇ ਵਰਣਨਯੋਗ ਹੈ ਕਿ ਦੂਸਰੇ T-20 ਮੈਚ ਵਿੱਚ ਆਸਟਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ। ਮਾਨੂਕਾ ਓਵਲ ਦੇ ਮੈਦਾਨ ਵਿੱਚ ਖੇਡਦੇ ਹੋਏ ਪਾਕਿਸਤਾਨ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 150 ਰਨ ਹੀ ਬਣਾਏ ਸਨ, ਅਤੇ ਆਸਟਰੇਲੀਆ ਨੇ ਜਵਾਬ ਵਿੱਚ 18.3 ਓਵਰਾਂ ਵਿੱਚ ਕੇਵਲ ਤਿੰਨ ਵਿਕਟਾਂ ਗੁਆ ਕੇ 151 ਰਨ ਬਣਾ ਕੇ 9 ਬਾਲਾਂ ਪਹਿਲਾਂ ਹੀ ਮੈਚ ਜਿੱਤ ਲਿਆ।