ਵਾਰਾਣਸੀ— ਰਾਜਧਾਨੀ ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ‘ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੋ ਗਈ ਹੈ। ਵੀਰਵਾਰ ਨੂੰ ਵਾਰਾਣਸੀ ਦੇ ਤਾਰਕੇਸ਼ਵਰ ਮਹਾਦੇਵ ਮੰਦਰ ਦੇ ਪੁਜਾਰੀ ਨੇ ਭਗਵਾਨ ਸ਼ਿਵ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸ਼ਿਵਲਿੰਗ ਨੂੰ ਵੀ ਮਾਸਕ ਪਹਿਨਾ ਦਿੱਤਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਵਾਰਾਣਸੀ ਦਾ ਏਅਰ ਕਵਾਲਿਟੀ ਇੰਡੈਕਸ 226 ‘ਤੇ ਸੀ, ਜੋ ਕਿ ਖਰਾਬ ਹਵਾ ਨੂੰ ਦਰਸਾਉਂਦਾ ਹੈ।
ਜ਼ਹਿਰੀਲੀ ਹਵਾ ਕਾਰਨ ਭੋਲੇ ਬਾਬਾ ਨੂੰ ਪਹਿਨਾਇਆ ਮਾਸਕ
ਇਕ ਸ਼ਰਧਾਲੂ ਆਲੋਕ ਮਿਸ਼ਰਾ ਨੇ ਕਿਹਾ,”ਸ਼ਹਿਰ ‘ਚ ਹਵਾ ਬਹੁਤ ਪ੍ਰਦੂਸ਼ਿਤ ਹੈ। ਭੋਲੇ ਬਾਬਾ ਨੂੰ ਜ਼ਹਿਰੀਲੀ ਹਵਾ ਤੋਂ ਬਚਾਉਣ ਲਈ ਅਸੀਂ ਮਾਸਕ ਪਹਿਨਾ ਦਿੱਤਾ। ਅਸੀਂ ਮੰਨਦੇ ਹਾਂ ਕਿ ਜੇਕਰ ਉਹ ਸੁਰੱਖਿਅਤ ਹਨ ਤਾਂ ਅਸੀਂ ਵੀ ਸੁਰੱਖਿਅਤ ਰਹਾਂਗੇ।” ਮੰਦਰ ਦੇ ਪੁਜਾਰੀ ਸੰਦੀਪ ਮਿਸ਼ਰਾ ਨੇ ਦੱਸਿਆ,”ਸਾਨੂੰ ਆਪਣੇ ਭਗਵਾਨ ਨੂੰ ਖਰਾਬ ਹਵਾ ਤੋਂ ਬਚਾਉਣ ਦੀ ਜ਼ਰੂਰਤ ਹੈ, ਕਿਉਂਕਿ ਦਿਨੋਂ-ਦਿਨ ਹਵਾ ਖਰਾਬ ਹੋ ਰਹੀ ਹੈ। ਜਿਵੇਂ ਅਸੀਂ ਗਰਮੀਆਂ ‘ਚ ਉਨ੍ਹਾਂ ਲਈ ਏ.ਸੀ. ਲਗਾਉਂਦੇ ਹਾਂ ਅਤੇ ਸਰਦੀ ‘ਚ ਸਵੈਟਰ ਪਹਿਨਾਉਂਦੇ ਹਾਂ, ਉਂਝ ਹੀ ਖਰਾਬ ਹਵਾ ਤੋਂ ਬਚਾਉਣ ਲਈ ਅਸੀਂ ਉਨ੍ਹਾਂ ਨੂੰ ਮਾਸਕ ਪਹਿਨਾ ਦਿੱਤਾ ਹੈ।”
ਪੂਰਾ ਸ਼ਹਿਰ ਪ੍ਰਦੂਸ਼ਣ ਕਾਰਨ ਪਰੇਸ਼ਾਨ
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਪੂਰਾ ਸ਼ਹਿਰ ਪ੍ਰਦੂਸ਼ਣ ਕਾਰਨ ਪਰੇਸ਼ਾਨ ਹੈ। ਅੱਖਾਂ ‘ਚ ਖਾਰਸ਼ ਹੋ ਰਹੀ ਹੈ ਅਤੇ ਸਾਹ ਲੈਣ ‘ਚ ਵੀ ਪਰੇਸ਼ਾਨੀ ਹੋ ਰਹੀ ਹੈ। ਸੰਦੀਪ ਮਿਸ਼ਰਾ ਨੇ ਅੱਗੇ ਕਿਹਾ,”ਹਾਲਤ ਇੰਨੀ ਖਰਾਬ ਹੈ ਕਿ ਸ਼ਹਿਰ ਦੇ ਹਸਪਤਾਲ ‘ਚ ਕੋਈ ਬੈੱਡ ਖਾਲੀ ਨਹੀਂ ਹੈ, ਕਿਉਂਕਿ ਪ੍ਰਦੂਸ਼ਣ ਕਾਰਨ ਬਹੁਤ ਲੋਕ ਬੀਮਾਰ ਹੋ ਰਹੇ ਹਨ।” ਉਨ੍ਹਾਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਅਤੇ ਵਾਰਾਣਸੀ ਦੇ ਸੰਸਦ ਮੈਂਬਰ ਨਰਿੰਦਰ ਮੋਦੀ ਨੂੰ ਇਸ ਸਮੱਸਿਆ ਦੇ ਹੱਲ ਲਈ ਸਖਤ ਕਾਰਵਾਈ ਕਰਨਾ ਚਾਹੀਦਾ।