ਬੌਲੀਵੁਡ ਵਿੱਚ ਕਈ ਅਜਿਹੇ ਸਿਤਾਰੇ ਹਨ ਜਿੰਨ੍ਹਾ ਦੀ ਦੋਸਤੀ ਦੀ ਮਿਸਾਲ ਦਿੱਤੀ ਜਾਂਦੀ ਹੈ। ਅਜਿਹੇ ਹੀ ਦੋਸਤ ਹਨ ਅਨਿਲ ਕਪੂਰ ਅਤੇ ਜੈਕੀ ਸ਼ੈਰੌਫ਼। ਦੋਹਾਂ ਨੇ ਕਈ ਫ਼ਿਲਮਾਂ ਵਿੱਚ ਇੱਕਠੇ ਕੰਮ ਕੀਤਾ ਹੈ। ਰਾਮ ਲਖਨ, ਤ੍ਰਿਮੂਰਤੀ, ਅੰਦਾਜ਼ ਅਪਨਾ ਅਪਨਾ ਸਮੇਤ ਹੋਰ ਕਈ ਫ਼ਿਲਮਾਂ ਇਸ ਦੀਆਂ ਉਦਾਹਰਣਾਂ ਹਨ। ਇਸ ਸਭ ਦੇ ਚਲਦੇ ਫ਼ਿਲਮ ਨਿਰਮਾਤਾ ਵਿਧੂ ਵਿਨੋਦ ਚੋਪੜਾ ਨੇ ਅਨਿਲ ਕਪੂਰ ਅਤੇ ਜੈਕੀ ਸ਼ਰਾਫ਼ ਦੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਇਸ ਕਿੱਸੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਜੈਕੀ ਸ਼ੈਰੌਫ਼ ਅਨਿਲ ਕਪੂਰ ਨਾਲ ਬੈਠ ਕੇ ਫ਼ਿਲਮ ਪਰਿੰਦਾ ਦੀ ਗੱਲ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿਧੂ ਨੇ ਲਿਖਿਆ ਹੈ ਕਿ ਅਨਿਲ ਕਪੂਰ ਆਪਣੇ ਕੰਮ ਨੂੰ ਲੈ ਕੇ ਬਹੁਤ ਇਮਾਨਦਾਰ ਰਹੇ ਹਨ। ਇੱਕ ਵਧੀਆ ਸ਼ੌਟ ਪਾਉਣ ਲਈ 17 ਰੀਟੇਕ ਵੀ ਲੈ ਲੈਂਦੇ ਹਨ।
ਇਸ ਵੀਡੀਓ ਵਿੱਚ ਫ਼ਿਲਮ ਪਰਿੰਦਾ ਦਾ ਇੱਕ ਸੀਨ ਹੈ ਜਿਸ ਵਿੱਚ ਅਨਿਲ ਕਪੂਰ ਜੈਕੀ ਨਾਲ ਬਹਿਸ ਕਰਦੇ ਹਨ ਅਤੇ ਜੈਕੀ ਉਨ੍ਹਾਂ ਦੇ ਥੱਪੜ ਮਾਰਦੇ ਹਨ। ਇਸ ਦਰਦ ਨੂੰ ਦਿਖਾਉਣ ਲਈ ਅਨਿਲ ਨੇ ਜੈਕੀ ਕੋਲੋਂ 17 ਵਾਰ ਅਸਲ ਵਿੱਚ ਥੱਪੜ ਖਾਧੇ ਸਨ। ਜੈਕੀ ਨੇ ਦੱਸਿਆ ਕਿ ਇਹ ਪੂਰਾ ਸੀਨ ਪਹਿਲੇ ਹੀ ਟੇਕ ਵਿੱਚ ਪੂਰਾ ਹੋ ਗਿਆ ਸੀ, ਪਰ ਅਨਿਲ ਨੂੰ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਸੀ ਹੋ ਰਹੀ ਜਿਸ ਕਰ ਕੇ ਉਸ ਨੇ 17 ਟੇਕਸ ਵਿੱਚ ਇਸ ਸੀਨ ਨੂੰ ਪੂਰਾ ਕੀਤਾ ਅਤੇ 17 ਵਾਰ ਉਸ ਕੋਲੋਂ ਥੱਪੜ ਵੀ ਖਾਧੇ। ਇਹ ਥੱਪੜ ਅਨਿਲ ਦੇ ਅਸਲ ਵਿੱਚ ਮਾਰੇ ਗਏ ਸਨ।
ਦੱਸ ਦੇਈਏ ਕਿ ਪਰਿੰਦਾ ਫ਼ਿਲਮ 3 ਨਵੰਬਰ 1989 ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਸਨ। ਪਰਿੰਦਾ ‘ਚ ਜੈਕੀ ਅਤੇ ਅਨਿਲ ਤੋਂ ਇਲਾਵਾ ਨਾਨਾ ਪਾਟੇਕਰ, ਮਾਧੂਰੀ ਦੀਕਸ਼ਿਤ ਅਤੇ ਅਨੁਪਮ ਖੇਰ ਸਨ। ਇਸ ਫ਼ਿਲਮ ਨੇ ਬੌਕਸ ਆਫ਼ਿਸ ‘ਤੇ ਵਧੀਆ ਕਮਾਈ ਕੀਤੀ ਸੀ।