ਇਸਲਾਮਾਬਾਦ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਨੀਵਾਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਬਾਅਦ ਪੀ.ਐੱਮ. ਮੋਦੀ ਨੇ ਖਾਲਸਾਈ ਝੰਡਾ ਲਹਿਰਾ ਕੇ ਡੇਰਾ ਬਾਬਾ ਨਾਨਕ ਚੈੱਕਪੋਸਟ ਤੋਂ 550 ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ ਕੀਤਾ। ਜਾਣਕਾਰੀ ਮੁਤਾਬਕ ਪੀ.ਐੱਮ. ਮੋਦੀ ਵੱਲੋਂ ਰਵਾਨਾ ਕੀਤੇ ਗਏ ਪਹਿਲੇ ਜਥੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪੀ.ਐੱਮ. ਡਾਕਟਰ ਮਨਮੋਹਨ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਐੱਮ.ਪੀ. ਹਰਸਿਮਰਤ ਕੌਰ ਬਾਦਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਲ ਹਨ।
ਇਹ ਸਾਰੇ ਸ਼ਰਧਾਲੂ ਬੱਸ ਰਾਹੀਂ ਉੱਥੇ ਪਹੁੰਚੇ। ਉਦਘਾਟਨ ਸਮਾਰੋਹ ਵਿਚ ਮੋਦੀ ਨੇ ਕਿਹਾ,”ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਂ ਦੇਸ਼ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸਮਰਪਿਤ ਕਰ ਰਿਹਾ ਹਾਂ। ਜਿਸ ਤਰ੍ਹਾਂ ਦਾ ਅਹਿਸਾਸ ਤੁਹਾਨੂੰ ਸਾਰਿਆਂ ਨੂੰ ਕਾਰ ਸੇਵਾ ਦੇ ਸਮੇਂ ਅਨੁਭਵ ਹੁੰਦਾ ਹੈ, ਉਹੀ ਅਹਿਸਾਸ ਮੈਨੂੰ ਇਸ ਸਮੇਂ ਹੋ ਰਿਹਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਪੂਰੇ ਦੇਸ਼ ਨੂੰ, ਦੁਨੀਆ ਭਰ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਭੈਣ-ਭਰਾਵਾਂ ਨੂੰ ਇਸ ਮੌਕੇ ਵਧਾਈ ਦਿੰਦਾ ਹਾਂ।”
ਸੰਬੋਧਨ ਵਿਚ ਮੋਦੀ ਨੇ ਕਿਹਾ,”ਲਾਂਘੇ ਨੂੰ ਘੱਟ ਸਮੇਂ ਵਿਚ ਤਿਆਰ ਕਰਨ ਲਈ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ। ਪਾਕਿਸਤਾਨ ਦੇ ਮਜ਼ਦੂਰ ਸਾਥੀਆਂ ਦਾ ਸ਼ੁਕਰੀਆ ਅਦਾ ਕਰਦਾ ਹਾਂ, ਜਿੰਨ੍ਹਾਂ ਨੇ ਇੰਨੀ ਤੇਜ਼ੀ ਨਾਲ ਲਾਂਘੇ ਦੇ ਕੰਮ ਨੂੰ ਪੂਰਾ ਕਰਨ ਵਿਚ ਮਦਦ ਕੀਤੀ।” ਇਸ ਲਾਂਘੇ ਦਾ ਨਿਰਮਾਣ ਕੰਮ 11 ਮਹੀਨੇ ਵਿਚ ਪੂਰਾ ਹੋਇਆ ਹੈ। ਮੋਦੀ ਅਤੇ ਮਨਮੋਹਨ ਸਿੰਘ ਇਕ-ਦੂਜੇ ਨੂੰ ਮਿਲਦੇ ਹੋਏ।
ਮੋਦੀ ਨੇ ਅੱਗੇ ਕਿਹਾ,”ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਹੀ ਨਹੀਂ, ਭਾਰਤ ਦੇ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਪ੍ਰੇਰਣਾ ਪੁੰਜ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਇਕ ਗੁਰੂ ਹੋਣ ਦੇ ਨਾਲ-ਨਾਲ ਇਕ ਵਿਚਾਰ ਹਨ। ਜੀਵਨ ਦਾ ਆਧਾਰ ਹਨ। ਕਰਤਾਰਪੁਰ ਦੇ ਕਣ-ਕਣ ਵਿਚ ਬਾਬੇ ਨਾਨਕ ਦੇ ਪਸੀਨੇ ਦੇ ਮਹਿਕ ਮਿਲੀ ਹੋਈ ਹੈ।” ਬਾਅਦ ਵਿਚ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਹੋਰ ਨੇਤਾਵਾਂ ਦੇ ਨਾਲ ਲੰਗਰ ਛਕਿਆ।
ਇੱਥੇ ਦੱਸ ਦਈਏ ਕਿ ਪਿਛਲੇ 72 ਸਾਲਾਂ ਤੋਂ ਸ਼ਰਧਾਲੂਆਂ ਵੱਲੋਂ ਇਸ ਲਾਂਘੇ ਦੇ ਖੁੱਲ੍ਵਣ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਜੋ ਅੱਜ ਪ੍ਰਵਾਨ ਹੋ ਗਈਆਂ ਹਨ।
ਇਸ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਹੈ। ਅੱਜ ਦਾ ਦਿਨ ਇਤਿਹਾਸਿਕ ਸਫਿਆਂ ਵਿਚ ਦਰਜ ਹੋਵੇਗਾ।