ਨਵੀਂ ਦਿੱਲੀ— ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਇਸ ਨਾਲ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਹੋਰ ਮਜ਼ਬੂਤ ਹੋਵੇਗਾ। ਕੋਰਟ ਨੇ ਅਯੁੱਧਿਆ ‘ਚ ਵਿਵਾਦਿਤ ਜ਼ਮੀਨ ਰਾਮ ਜਨਮਭੂਮੀ ‘ਤੇ ਮੰਦਰ ਦੇ ਨਿਰਮਾਣ ਦਾ ਰਾਹ ਸਾਫ ਕਰਦੇ ਹੋਏ ਕੇਂਦਰ ਸਰਕਾਰ ਨੂੰ ਹੁਕਮ ਦਿੱਤਾ ਕਿ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ‘ਚ ਹੀ ਮਸਜਿਦ ਦੇ ਨਿਰਮਾਣ ਲਈ 5 ਏਕੜ ਜ਼ਮੀਨ ਦਿੱਤੀ ਜਾਵੇ।
ਰਾਜਨਾਥ ਨੇ ਟਵੀਟ ਕੀਤਾ, ”ਮਾਣਯੋਗ ਸੁਪਰੀਮ ਕੋਰਟ ਦਾ ਇਹ ਫੈਸਲਾ ਇਤਿਹਾਸਕ ਹੈ। ਇਸ ਫੈਸਲੇ ਤੋਂ ਭਾਰਤ ਦਾ ਸਮਾਜਿਕ ਤਾਣਾ-ਬਾਣਾ ਹੋਰ ਮਜ਼ਬੂਤ ਹੋਵੇਗਾ।” ਉਨ੍ਹਾਂ ਅੱਗੇ ਲਿਖਿਆ ਕਿ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਫੈਸਲੇ ਨੂੰ ਉੱਚਿਤ ਅਤੇ ਉਦਾਰਤਾ ਨਾਲ ਲਿਆ ਜਾਵੇ। ਮੈਂ ਲੋਕਾਂ ਨੂੰ ਇਸ ਇਤਿਹਾਸਕ ਫੈਸਲੇ ਤੋਂ ਬਾਅਦ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕਰਦਾ ਹਾਂ।