ਬਟਾਲਾ : ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਨੂੰ ਜਾਂਦੇ ਲਾਂਘੇ ਦੇ ਮੁੱਖ ਦੁਆਰ ‘ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਤਿਆਰ ਕਰਵਾਇਆ ਗਿਆ ੴ ਦਾ ਸ਼ਿਲਾਲੇਖ ਇਥੇ ਆਉਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਕਰਨ ਉਪਰੰਤ ਵਾਪਸ ਪਰਤਣ ਉਪਰੰਤ ਆਮ ਸ਼ਰਧਾਲੂਆਂ ਨੂੰ ਅੱਗੇ ਜਾਣ ਦੀ ਦਿੱਤੀ ਗਈ ਖੁੱਲ੍ਹ ਦੌਰਾਨ ਵੇਖਣ ‘ਚ ਆਇਆ ਕਿ ਇਥੇ ਪਹੁੰਚਣ ਵਾਲਾ ਹਰੇਕ ਸ਼ਰਧਾਲੂ, ਮੀਡੀਆ ਕਰਮਚਾਰੀ, ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਭਾਵ ਹਰੇਕ ਵਿਅਕਤੀ ਦੀ ਪਹਿਲੀ ਇਹੋ ਕੋਸ਼ਿਸ਼ ਸੀ ਕਿ ਉਹ ਆਪਣੀ ਫੋਟੋ ਇਸ ਸ਼ਿਲਾਲੇਖ ਨਾਲ ਕਰਵਾਏ।
ਦੱਸਣਯੋਗ ਹੈ ਕਿ ਇਹ ਸ਼ਿਲਾਲੇਖ ਕੁੱਲ 31 ਫੁੱਟ ਉੱਚਾ ਹੈ ਅਤੇ ਇਸ ਉੱਪਰ 9 ਫੁੱਟ ਉੱਚਾ ਸਟੀਲ ਦਾ ੴ ਦਾ ਚਿੰਨ੍ਹ ਲੱਗਾ ਹੋਇਆ ਹੈ ਜੋ ਚਾਰੇ ਦਿਸ਼ਾਵਾਂ ‘ਚ ਘੁੰਮਦਾ ਹੈ। ਇਸ ਦੇ ਇਕ ਪਾਸੇ 5 ਧਾਤਾਂ ਦੇ ਮਿਸ਼ਰਣ ਨਾਲ ਬਣੀ ਸਵਾ 5 ਫ਼ੁੱਟ ਲੰਮੀ ਰਬਾਬ ਵੀ ਰੱਖੀ ਗਈ ਹੈ ਜਦ ਕਿ ਇਸ ਦੇ ਦੋਵੇਂ ਪਾਸੇ ਮੂਲ ਮੰਤਰ ਲਿਖਿਆ ਹੋਇਆ ਹੈ ।