ਨਵੀਂ ਦਿੱਲੀ— ਮਹਾਰਾਸ਼ਟਰ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਜਾਰੀ ਸਿਆਸੀ ਘਟਨਾਕ੍ਰਮ ਦਰਮਿਆਨ ਸ਼ਿਵ ਸੈਨਾ ਨੇਤਾ ਅਰਵਿੰਦ ਸਾਵੰਤ ਨੇ ਰਾਸ਼ਟਰੀ ਜਨਤਾਂਤਿਰ ਗਠਜੋੜ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਭਾਜਪਾ ‘ਤੇ ਸੱਤਾ ‘ਚ ਹਿੱਸੇਦਾਰੀ ਦੇ ਤੈਅ ਫਾਰਮੂਲੇ ਤੋਂ ਮੁਕਰਨ ਦਾ ਦੋਸ਼ ਲਾਇਆ। ਸਾਵੰਤ ਨੇ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਗਠਜੋੜ ਨਾਲ ਲੜੀਆਂ ਸਨ, ਇਸ ਵਿਚ ਕੁਝ ਚੀਜ਼ਾਂ ‘ਤੇ ਸਹਿਮਤੀ ਬਣੀ ਸੀ। ਉਨ੍ਹਾਂ ਕਿਹਾ ਕਿ ਇਸ ਵਿਚ ਮੁੱਖ ਮੰਤਰੀ ਅਹੁਦੇ ਸਮੇਤ ਸੀਟਾਂ ਦੇ 50-50 ਦੇ ਅਨੁਪਾਤ ‘ਚ ਵੰਡ ਦਾ ਫਾਰਮੂਲਾ ਤੈਅ ਹੋਇਆ ਸੀ ਪਰ ਭਾਜਪਾ ਹੁਣ ਇਸ ਤੋਂ ਇਨਕਾਰ ਕਰ ਰਹੀ ਹੈ।
ਸਾਵੰਤ ਨੇ ਕਿਹਾ ਕਿ ਉਹ ਇਸ ਝੂਠ ਤੋਂ ਦੁਖੀ ਹਨ ਅਤੇ ਹੁਣ ਉਨ੍ਹਾਂ ਵਿਚਾਲੇ ਕੋਈ ਵਿਸ਼ਵਾਸ ਨਹੀਂ ਬਚਿਆ। ਹੁਣ ਕੋਈ ਵਿਸ਼ਵਾਸ ਨਹੀਂ ਬਚਿਆ ਹੈ, ਇਸ ਲਈ ਮੈਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਸਾਵੰਤ ਨੇ ਟਵੀਟ ਕਰ ਕੇ ਕਿਹਾ ਕਿ ਸ਼ਿਵ ਸੈਨਾ ਸੱਚ ਨਾਲ ਹੈ। ਮੈਨੂੰ ਦਿੱਲੀ ਵਿਚ ਝੂਠ ਦੇ ਮਾਹੌਲ ਵਿਚ ਕਿਉਂ ਰਹਿਣਾ ਚਾਹੀਦਾ? ਮੈਂ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਜ਼ਿਕਰਯੋਗ ਹੈ ਕਿ ਸੂਬੇ ਵਿਚ 288 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਮਗਰੋਂ ਦੂਜੀ ਸਭ ਤੋਂ ਵੱਡੀ ਪਾਰਟੀ ਸ਼ਿਵ ਸੈਨਾ ਕੋਲ ਸਰਕਾਰ ਬਣਾਉਣ ਦਾ ਦਾਅਵਾ ਜਤਾਉਣ ਲਈ ਸੋਮਵਾਰ ਸ਼ਾਮ ਸਾਢੇ 7 ਵਜੇ ਦਾ ਸਮਾਂ ਹੈ। ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਸਰਕਾਰ ਗਠਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।