ਤਲਵੰਡੀ ਸਾਬੋ: ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦੀ ਪਹਿਲੀ ਉਦਾਸੀ ਦਾ ਪਾਵਨ ਅਸਥਾਨ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ ਹਰਿਦੁਆਰ ਜਿਸ ਨੂੰ 1984 ਵੇਲੇ ਸਿੱਖ ਵਿਰੋਧੀ ਚੱਲੀ ਲਹਿਰ ਦੌਰਾਨ ਮਲੀਆਮੇਟ ਕਰ ਦਿੱਤਾ ਗਿਆ ਸੀ। ਉਸ ਨੂੰ ਹੁਣ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਲਾਨ ਕਰਨਾ ਚਾਹੀਦਾ ਹੈ। ਜਿਸ ਨੂੰ ਬਣਾਉਣ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਸੰਸਾਰ ਭਰ ਦੇ ਸਿੱਖ ਜਗਤ ਵੱਲੋਂ ਚੱਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਖ਼ਾਲਸਾ ਵੱਲੋਂ ਥਾਪੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਮੁੱਖ ਸਥਾਨ ਗੁਰਦੁਆਰਾ ਦਾਦੂ ਸਾਹਿਬ ਤੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਮੀਡੀਆ ਨਾਲ ਕੀਤ। ਉਨ੍ਹਾਂ ਨੇ ਕਿਹਾ ਕਿ 1978-79 ਵੇਲੇ ਹਰ ਕੀ ਪੌੜੀ ਦੇ ਘਾਟਾਂ ਨੂੰ ਸੁੰਦਰ ਕਰਨ ਦੇ ਨਾਂ ‘ਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਇੱਕ ਕੰਧ ਢਾਹ ਦਿੱਤੀ ਗਈ ਸੀ ਅਤੇ 1984 ਵਿੱਚ ਪੂਰਾ ਗੁਰਦੁਆਰਾ ਹੀ ਢਾਹ ਢੇਰੀ ਕਰ ਦਿੱਤਾ ਗਿਆ। ਜਿਸ ਜਗ੍ਹਾ ‘ਤੇ ਅੱਜ ਪ੍ਰਾਈਵੇਟ ਜਾਨਵੀ ਮਾਰਕੀਟ ਭਾਰਤ ਸਕਾਊਟ ਐਂਡ ਗਾਈਡ ਦਾ ਦਫ਼ਤਰ ਹੋਟਲ ਤੇ ਪਬਲਿਕ ਪਖਾਨਾ ਬਣਿਆ ਹੋਇਆ ਹੈ। ਹਰਕੀ ਪੌੜੀ ਉੱਪਰ ਸੁਭਾਸ਼ ਘਾਟ ਦੇ ਨਾਲ ਬਿਲਕੁੱਲ ਇਹ ਪਾਵਨ ਅਸਥਾਨ ਹੁੰਦਾ ਸੀ, ਜਿੱਥੇ ਅੱਜ ਦੁਕਾਨਾਂ ਬਣੀਆਂ ਹੋਈਆਂ ਹਨ।
ਇਸੇ ਅਸਥਾਨ ‘ਤੇ ਹੀ ਗੁਰੂ ਨਾਨਕ ਸਾਹਿਬ ਨੇ ਗੰਗਾ ਇਸ਼ਨਾਨ ਦੇ ਵੇਲੇ ਲੱਖਾਂ ਪਾਂਡਿਆਂ ਨੂੰ ਕਰਮਕਾਂਡ ਦਾ ਖੰਡਨ ਕਰਕੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਦੀਆਂ ਬੁਕਾਂ ਪਾ ਕੇ ਗੁਰਮਤਿ ਦਾ ਗਿਆਨ ਵੰਡਿਆ ਸੀ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਸ ਅਸਥਾਨ ਦੀ ਮੁੜ ਉਸਾਰੀ ਵਾਸਤੇ ਅਸੀਂ ਲੰਬਾ ਸੰਘਰਸ਼ ਲੜਿਆ ਹੈ, ਕਦੇ ਹਰਿਦੁਆਰ ਕਦੇ ਦਿੱਲੀ ਰੋਸ ਮੁਜ਼ਾਹਰੇ ਕਰਕੇ ਗ੍ਰਿਫਤਾਰੀਆਂ ਦਿੱਤੀਆਂ ਸਨ। ਲਿਖਤੀ ਪੱਤਰ ਵੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਉੱਤਰਾਖੰਡ ਦੇ ਰਾਜਪਾਲ ਤੱਕ ਦਿੱਤੇ ਹਨ ਪਰ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਹਰੀਸ਼ ਰਾਵਤ ਨੇ ਇਹ ਸਥਾਨ ਸਿੱਖ ਪੰਥ ਦੇ ਹਵਾਲੇ ਕਰਨ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਦੇ ਨਰਿੰਦਰ ਮੋਦੀ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਘਾਂ ਖੋਲ ਕਰਕੇ ਸਿੱਖ ਪੰਥ ਦੇ ਨਾਲ ਆਪਣਾ ਪਿਆਰ ਵਧਾਇਆ ਹੈ ਤੇ ਜੇਕਰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪੌੜੀ ਹਰਿਦੁਆਰ ਮੂਲ ਅਸਥਾਨ ‘ਤੇ ਬਣਾਉਣ ਦਾ ਪ੍ਰਧਾਨ ਮੰਤਰੀ ਮੋਦੀ ਐਲਾਨ ਕਰਦੇ ਹਨ ਤਾਂ ਇਸ ਮਸਲੇ ਨਾਲ ਸਿੱਖ ਪੰਥ ਦੇ ਹਿਰਦਿਆਂ ‘ਚ ਪ੍ਰਧਾਨਮੰਤਰੀ ਮੋਦੀ ਦੀ ਹੋਰ ਜਗ੍ਹਾ ਬਣ ਜਾਵੇਗੀ ਤੇ ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਸ ਕੰਮ ਵਾਸਤੇ ਪ੍ਰਧਾਨ ਮੰਤਰੀ ਮੋਦੀ ਨੂੰ ਰਤਾ ਵੀ ਦੇਰ ਨਹੀਂ ਲਾਉਣੀ ਚਾਹੀਦੀ ਅਤੇ ਮੂਲ ਸਥਾਨ ਹਰਿ ਕੀ ਪੌੜੀ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਬਣਾਉਣ ਦਾ ਐਲਾਨ ਕਰਨਾ ਚਾਹੀਦਾ ਹੈ