ਜਲੰਧਰ : ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਅੱਤਵਾਦ ਵਿਰੁੱਧ ਲੜਾਈ ‘ਚ ਹਜ਼ਾਰਾਂ ਲੋਕਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਪਰ ਸ਼੍ਰੀ ਵਿਜੇ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਹੁਤ ਹੀ ਕਰਜ਼ਾਈ ਰਹਾਂÎਗੇ, ਜਿਨ੍ਹਾਂ ਨੇ ਸ਼ਹੀਦ ਪਰਿਵਾਰਾਂ ਦੀ ਦੇਖਭਾਲ ਦੀ ਵੱਡੀ ਜ਼ਿੰਮੇਵਾਰੀ ਲਈ ਹੈ। ਸ਼ਹੀਦ ਪਰਿਵਾਰ ਦਾ ਦੁੱਖ ਉਹੀ ਸਮਝ ਸਕਦਾ ਹੈ, ਜਿਸ ਨੇ ਇਸ ਦਾ ਸੰਤਾਪ ਖੁਦ ਝੱਲਿਆ ਹੋਵੇ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕੋਈ ਵੀ ਮੁਹਿੰਮ ਸ਼ੁਰੂ ਕਰਨਾ ਆਸਾਨ ਹੈ ਪਰ ਉਸ ਨੂੰ ਲਗਾਤਾਰ ਜਾਰੀ ਰੱਖਣਾ ਬਹੁਤ ਮੁਸ਼ਕਲ ਕੰਮ ਹੈ ਪਰ ਹਿੰਦ ਸਮਾਚਾਰ ਸਮੂਹ ਦੀ ਸ਼ਹੀਦ ਪਰਿਵਾਰ ਫੰਡ ਦੀ ਮੁਹਿੰਮ ਆਪਣੇ-ਆਪ ‘ਚ ਇਕ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਅੱਤਵਾਦ ਦੀ ਨੌਬਤ ਕਿਉਂ ਆਈ, ਕਿਉਂ ਇਸ ਦਾ ਸੰਤਾਪ ਝੱਲਿਆ, ਇਸ ਦੀ ਕਹਾਣੀ ਪੰਜਾਬ ਤੋਂ ਨਹੀਂ ਸਗੋਂ 1971 ‘ਚ ਬੰਗਲਾਦੇਸ਼ ਤੋਂ ਸ਼ੁਰੂ ਹੋਈ ਜਦ ਭਾਰਤ ਨੇ ਪਾਕਿਸਤਾਨ ਦੀ ਫੌਜ ਨੂੰ ਹਰਾ ਕੇ ਉਸ ਨੂੰ ਦੋ ਹਿੱਸਿਆਂ ‘ਚ ਵੰਡ ਕੇ ਬੰਗਲਾਦੇਸ਼ ਨਾਂ ਦਾ ਨਵਾਂ ਦੇਸ਼ ਬਣਾਇਆ। ਬਾਕੀ ਬਚੇ ਪਾਕਿਸਤਾਨ ਦੇ ਹੁਕਮਰਾਨਾ ਨੇ ਦੋ ਫੈਸਲੇ ਕੀਤੇ ਪਹਿਲਾਂ 20 ਜਨਵਰੀ 1972 ਨੂੰ ਮੁਲਤਾਨ ‘ਚ ਕੀਤਾ ਗਿਆ ਕਿ ਭਾਵੇਂ ਸਾਨੂੰ ਘਾਹ ਕਿਉਂ ਨਾ ਖਾਣਾ ਪਵੇ ਅਸੀਂ ਪ੍ਰਮਾਣੂ ਬੰਬ ਜ਼ਰੂਰ ਬਣਾਵਾਂਗੇ ਅਤੇ ਦੂਜਾ ਫੈਸਲਾ ਪਾਕਿ ਦੀ ਆਈ.ਐੱਸ.ਆਈ. ਨੇ ਕੀਤਾ ਕਿ ਅਸੀਂ ਭਾਰਤ ਦੇ ਟੁਕੜੇ ਕਰਾਂਗੇ ਜਿਸ ਦਾ ਪਹਿਲਾ ਸੰਤਾਪ ਪੰਜਾਬ ਨੂੰ ਭੋਗਣਾ ਪਿਆ ਜਦ 1981 ‘ਚ ਲਾਲਾ ਜਗਤ ਨਾਰਾਇਣ ਦੀ ਸ਼ਹਾਦਤ ਤੋਂ ਬਾਅਦ ਅਜਿਹਾ ਮਾੜਾ ਦੌਰ ਸ਼ੁਰੂ ਹੋਇਆ, ਜੋ 1995 ਤੱਕ ਚੱਲਿਆ।
ਇਹ ਉਹੀ ਦਿਨ ਸਨ, ਜਦ ਅਫਗਾਨਿਸਤਾਨ ਦੀ ਫੌਜ ਨੂੰ ਰੂਸ ਤੋਂ ਬਾਹਰ ਕੱਢਣ ਲਈ ਅਮਰੀਕਾ ਨੇ ਹਥਿਆਰ ਦੇਣੇ ਸ਼ੁਰੂ ਕੀਤੇ, ਸਾਊਦੀ ਅਰਬ ਨੇ ਪੈਸੇ ਅਤੇ ਇਕ ਅਜਿਹੀ ਵਿਚਾਰਧਾਰਾ ਦਿੱਤੀ, ਜਿਸ ਨੇ ਦੱਖਣੀ ਏਸ਼ੀਆ ਨੂੰ ਅੱਤਵਾਦ ਦਾ ਇਕ ਜ਼ਖੀਰਾ ਬਣਾ ਦਿੱਤਾ। ਪੰਜਾਬ ਦੇ ਲੋਕਾਂ ਦੀ ਹਿੰਮਤ ਸੀ ਕਿ ਇੱਥੇ ਅੱਤਵਾਦ ‘ਤੇ ਰੋਕ ਲੱਗੀ। ਇਸੇ ਅੱਤਵਾਦ ਦਾ ਸਿਲਸਿਲਾ ਜੰਮੂ-ਕਸ਼ਮੀਰ ਵੱਲ ਚਲਾ ਗਿਆ ਅਤੇ ਬਾਅਦ ‘ਚ ਪੂਰੇ ਹਿੰਦੋਸਤਾਨ ਨੂੰ ਅੱਤਵਾਦ ਦਾ ਸਾਹਮਣਾ ਕਰਨਾ ਪਿਆ। ਤਿਵਾੜੀ ਨੇ ਕਿਹਾ ਕਿ ਕੱਲ ਇਸ ਦੇਸ਼ ‘ਚ 2 ਵੱਡੇ ਫੈਸਲੇ ਹੋਏ। ਇਕ ਆਸਥਾ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ ਅਤੇ ਦੂਜਾ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ ਦਾ ਇਤਿਹਾਸਿਕ ਫੈਸਲਾ ਸੁਣਾਇਆ, ਜਿਸ ਦਾ ਹਰੇਕ ਹਿੰਦੋਸਤਾਨੀ ਨੂੰ ਸਵਾਗਤ ਕਰਨਾ ਚਾਹੀਦਾ ਹੈ। ਕੋਰੀਡੋਰ ਦਾ ਖੁੱਲ੍ਹਣਾ ਭਾਰਤ-ਪਾਕਿ ਦੇ ਰਿਸ਼ਤੇ ਸੁਧਾਰਨ ਦਾ ਹੀ ਨਹੀਂ ਸਗੋਂ ਪੂਰੇ ਦੱਖਣ ਏਸ਼ੀਆ ਨੂੰ ਇਕਜੁੱਟ ਕਰਨ ਦਾ ਮੌਕਾ ਵੀ ਹੈ, ਜਿਸ ਨਾਲ ਇੱਥੇ ਆਪਸੀ ਪਿਆਰ ਅਤੇ ਭਾਈਚਾਰਾ ਅਤੇ ਮਿਲਵਰਤਨ ਵਧੇ। ਦੁਨੀਆ ਦੀ ਆਬਾਦੀ 8 ਬਿਲੀਅਨ ਹੈ। ਉਸ ‘ਚੋਂ 200 ਕਰੋੜ ਤੋਂ ਵੱਧ ਲੋਕ ਦੱਖਣ ਏਸ਼ੀਆ ‘ਚ ਰਹਿੰਦੇ ਹਨ, ਜਿੱਥੇ ਬੇਰੋਜ਼ਗਾਰੀ, ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਨਹੀਂ ਹਨ ਜੇ ਇੱਥੇ ਵਪਾਰ ਅਤੇ ਲੋਕਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਵੇ ਤਾਂ 21ਵੀਂ ਸਦੀ ‘ਚ ਇਹ ਦੁਨੀਆ ਦਾ ਸਭ ਤੋਂ ਵੱਡਾ ਇਕਨਾਮਿਕ ਪਾਵਰ ਹਾਊਸ ਬਣ ਜਾਵੇਗਾ। ਉਮੀਦ ਕਰਦਾ ਹਾਂ ਕਿ ਭਗਵਾਨ ਪਾਕਿਸਤਾਨ ਦੇ ਹੁਕਮਰਾਨਾ ਨੂੰ ਸਦਬੁੱਧੀ ਦੇਵੇਗਾ ਕਿਉਂਕਿ 1971 ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਜੋ ਕੀਤਾ ਹੈ, ਉਸ ਨਾਲ ਪਾਕਿਸਤਾਨ ਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਉਹ ਮਹਿਸੂਸ ਕਰੇ ਕਿ ਉਸ ਨੇ ਗੁਆਂਢੀਆਂ ਦਾ ਹੀ ਨਹੀਂ ਆਪਣਾ ਵੀ ਬਹੁਤ ਨੁਕਸਾਨ ਕੀਤਾ ਹੈ।