ਨਵੀਂ ਦਿੱਲੀ— ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਹੋਰ ਵਿਚ ਕਾਂਗਰਸ ਵਿਧਾਇਕ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਇਮਰਾਨ ਖਾਨ ਦੀ ਤਰੀਫ ਕੀਤੀ ਗਈ, ਜਿਸ ਨੂੰ ਲੈ ਕੇ ਕਾਂਗਰਸ ‘ਤੇ ਭਾਜਪਾ ਭੜਕ ਗਈ ਹੈ। ਭਾਜਪਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਬੋਲਦਿਆਂ ਪ੍ਰਧਾਨ ਸੋਨੀਆ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।
ਇੱਥੇ ਦੱਸ ਦੇਈਏ ਕਿ ਸਿੱਧੂ ਨੇ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ‘ਤੇ ਪਾਕਿਸਤਾਨੀ ਪੀ. ਐੱਮ. ਇਮਰਾਨ ਖਾਨ ਦੀ ਜੰਮ ਕੇ ਤਰੀਫ ਕੀਤੀ ਸੀ। ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਇਮਰਾਨ ਖਾਨ ਦੇ ਫੈਸਲੇ ਨੂੰ ਭਾਰਤੀਆਂ ਤੇ ‘ਅਹਿਸਾਨ’ ਦੱਸਿਆ। ਸਿੱਧੂ ਵਲੋਂ ਇਮਰਾਨ ਦੀ ਤਰੀਫ ਕਰਨ ‘ਤੇ ਭਾਜਪਾ ਨੇ ਉਨ੍ਹਾਂ ‘ਤੇ ਹਮਲਾ ਬੋਲਿਆ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸਿੱਧੂ ਨੇ ਇਮਰਾਨ ਦੀ ਤਰੀਫ ਅਤੇ ਪਾਕਿਸਤਾਨ ‘ਚ ਬਿਆਨਬਾਜ਼ੀ ਕਰ ਕੇ ਭਾਰਤ ਦਾ ਕੱਦ ਛੋਟਾ ਕੀਤਾ ਹੈ। ਸਿੱਧੂ ਵਲੋਂ ਇਮਰਾਨ ਖਾਨ ਦੀ ਤੁਲਨਾ ਸਿਕੰਦਰ ਨਾਲ ਕਰਨੀ ਨਿੰਦਾਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਧੂ ਦੇ ਅਜਿਹੇ ਵਰਤਾਅ ਲਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।