ਨਿਊਯਾਰਕ: ਭਾਰਤ ਦੀ ਰਾਜਨੀਤੀ ਦੇ ਸਿਤਾਰੇ ਅਤੇ ਕਰਤਾਰਪੁਰ ਕੋਰੀਡੋਰ ਦੇ ਮੁੱਖ ਨਾਇਕ ਨਵਜੋਤ ਸਿੰਘ ਸਿੱਧੂ ਦੇ ਸੱਦੇ ‘ਤੇ ਸਿੱਖਸ ਆਫ ਅਮਰੀਕਾ ਦਾ ਤਿੰਨ ਮੈਂਬਰੀ ਵਫਦ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ‘ਤੇ ਮਿਲਿਆ।ਇਸ ਵਫਦ ਦੀ ਅਗਵਾਈ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕੀਤੀ। ਉਨ੍ਹਾਂ ਦੇ ਨਾਲ ਬਲਜਿੰਦਰ ਸਿੰਘ ਸ਼ੰਮੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵੀ ਹਾਜ਼ਰ ਹੋਏ। ਨਵਜੋਤ ਸਿੰਘ ਸਿੱਧੂ ਵਲੋਂ ਵਫਦ ਨੂੰ ਨਿੱਘਾ ਜੀ ਆਇਆਂ ਕਿਹਾ ਗਿਆ ਅਤੇ ਪੰਜਾਬ ਲਈ ਕੁਝ ਕਰ ਗੁਜ਼ਰਨ ਲਈ ਵਿਚਾਰਾਂ ਦੀ ਵੀ ਸਾਂਝ ਪਾਈ ਗਈ।
ਸ: ਜਸਦੀਪ ਸਿੰਘ ਜੱਸੀ ਨੇ ਜਿੱਥੇ ਉਨ੍ਹਾਂ ਦੀ ਕਰਤਾਰਪੁਰ ਕੋਰੀਡੋਰ ਖੁਲ੍ਹਵਾਉਣ ਵਿੱਚ ਨਿਭਾਈਆਂ ਸੇਵਾਵਾਂ ਦੀ ਖੂਬ ਸ਼ਲਾਘਾ ਕੀਤੀ, ਉੱਥੇ ਉਨ੍ਹਾਂ ਨੂੰ ਅਮਰੀਕਾ ਵਿਖੇ ਸਿੱਖਸ ਆਫ ਅਮਰੀਕਾ ਦੇ ਉਤਸਵ (ਗਾਲਾ) ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਤੁਹਾਡੇ ਸਨਮਾਨ ਦੇ ਅਸੀਂ ਕਰਜਾਈ ਹਾਂ। ਜਿਸ ਦਾ ਐਲਾਨ ਅਸੀਂ ਪਹਿਲੀ ਜੱਫੀ ‘ਤੇ ਹੀ ਕਰ ਦਿੱਤਾ ਸੀ। ਜਿਸ ਨੂੰ ਅਮਰੀਕਾ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਗੋਲਡ ਮੈਡਲ ਦੇ ਰੂਪ ਵਿੱਚ ਤੁਹਾਡੇ ਸਨਮੁਖ ਕਰਾਂਗੇ।
ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਨੂੰ ਅਜਿਹਾ ਸੂਬਾ ਬਣਾ ਦੇਵਾਂਗਾ, ਜਿਸ ਦੀ ਪੰਜਾਬ ਦੇ ਵਾਸੀ ਸ਼ਾਇਦ ਕਲਪਨਾ ਵੀ ਨਾ ਕਰਦੇ ਹੋਣ। ਲੋੜ ਹੈ ਇਕੱਠੇ ਹੋਣ ਦੀ ਅਤੇ ਹੰਭਲਾ ਮਾਰਨ ਦੀ। ਜਿਸ ਲਈ ਸਮਾਂ ਢੁਕਵਾਂ ਹੈ।ਚੇਅਰਮੈਨ ਜੱਸੀ ਨੇ ਕਿਹਾ ਕਿ ਅਮਰੀਕਾ ਦੀਆਂ ਸੰਗਤਾਂ ਤੁਹਾਡੇ ਦੀਦਾਰ ਤੇ ਤੁਹਾਨੂੰ ਸੁਣਨ ਲਈ ਇੰਤਜ਼ਾਰ ਕਰ ਰਹੀਆਂ ਹਨ। ਸੋ ਖੁਲ੍ਹਾ ਸਮਾਂ ਕੱਢ ਕੇ ਆਓ। ਡਾ: ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਸਿੱਖਸ ਆਫ ਅਮਰੀਕਾ ਪੰਜਾਬ ਲਈ ਕੁਝ ਕਰਨ ਗੁਜ਼ਰਨ ਲਈ ਉਤਾਵਲੀ ਹੈ। ਜਿਸ ਲਈ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਦੀ ਸਾਨੂੰ ਲੋੜ ਹੈ।
ਬਲਜਿੰਦਰ ਸਿੰਘ ਸ਼ੰਮੀ ਨੇ ਡਰੱਗ ਮੁਕਤ ਆਧੁਨਿਕ ਸੈਂਟਰ ਦੀ ਗੱਲ ਕੀਤੀ।ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਕਾ ਮਨ ਬਣਾ ਕੇ ਆਓ। ਸਾਡੇ ਦਰਵਾਜ਼ੇ ਹਰ ਸਖਸ਼ੀਅਤ ਲਈ ਖੁੱਲ੍ਹੇ ਹਨ, ਜੋ ਪੰਜਾਬ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਗਲੀ ਮੀਟਿੰਗ 27 ਨਵੰਬਰ ਤੋਂ ਪਹਿਲਾਂ ਮੁੜ ਮੇਰੇ ਨਾਲ ਕਰੋ ਅਤੇ ਬਜਟ ਨੂੰ ਅਵਾਮ ਦੇ ਸਾਹਮਣੇ ਪੇਸ਼ ਕਰੋ। ਜਸਦੀਪ ਸਿੰਘ ਜੱਸੀ ਵਲੋਂ ਧੰਨਵਾਦ ਕਰਨ ਉਪਰੰਤ ਬਜਟ ਭੇਜਣ ਦੀ ਸਹਿਮਤੀ ਪ੍ਰਗਟਾਈ ਗਈ। ਕੌਫੀ ਦੇ ਕੱਪ ਦੀ ਸਾਂਝ ਨਾਲ ਮੀਟਿੰਗ ਆਪਣਾ ਮੁਕਾਮ ਹਾਸਲ ਕਰ ਗਈ। ਇਸ ਮੀਟਿੰਗ ਨੂੰ ਆਯੋਜਿਤ ਕਰਨ ਵਿੱਚ ਡਾਕਟਰ ਜਤਿੰਦਰ ਸਿੰਘ ਪੰਨੂ, ਰਣਜੀਤ ਸਿੰਘ ਰਾਣਾ ਅਤੇ ਪ੍ਰਿੰਸੀਪਲ ਸਵਿੰਦਰ ਸਿੰਘ ਪੰਨੂ ਦਾ ਅਹਿਮ ਯੋਗਦਾਨ ਰਿਹਾ, ਜੋ ਕਿ ਧੰਨਵਾਦ ਦੇ ਪਾਤਰ ਹਨ।