ਕਲਾ ਅਤੇ ਸ਼ਿਲਪਕਲਾ ਦੇ ਕਈ ਮਹਾਨ ਕਾਰਜ ਜਾਣਬੁੱਝ ਕੇ ਅਧੂਰੇ ਛੱਡ ਦਿੱਤੇ ਜਾਂਦੇ ਹਨ। ਸਿਰਜਣਾਤਮਕ ਵਿਅਕਤੀ ਲਈ ਕਦੇ ਵੀ ਇਹ ਕਹਿਣਾ ਬੜਾ ਔਖਾ ਹੁੰਦੈ, ”ਆ ਲਓ, ਮੇਰਾ ਕੰਮ ਹੁਣ ਮੁਕੰਮਲ ਹੋ ਗਿਆ।” ਆਮਤੌਰ ‘ਤੇ ਹੋਰ ਸੰਵਾਰਨ ਅਤੇ ਕੁੱਝ ਦਰੁੱਸਤ ਕਰਨ ਦਾ ਲਾਲਚ ਹਮੇਸ਼ਾ ਬਣਿਆ ਰਹਿੰਦੈ। ਹਾਲ ਹੀ ਵਿੱਚ ਤੁਸੀਂ ਸਖ਼ਤ ਮਿਹਨਤ ਕੀਤੀ ਹੈ। ਇਹ ਪੱਕਾ ਕਰਨ ਲਈ ਕਿ ਤੁਹਾਡਾ ਉਤਸਾਹ ਭਵਿੱਖ ਵਿੱਚ ਵੀ ਕਾਇਮ ਰਹੇ, ਤੁਸੀਂ ਆਪਣੇ ਆਪ ਅੰਦਰ ਹਮੇਸ਼ਾ ਚੱਲਦੇ ਰਹਿਣ ਦੀ ਇੱਕ ਚਿੰਗਿਆਰੀ ਭੜਕਾਈ ਹੋਈ ਹੈ। ਉਹ ਚਿੰਤਾ ਇਸ ਵਕਤ ਵੀ ਤੁਹਾਡਾ ਪਿੱਛਾ ਕਰ ਰਹੀ ਹੈ ਹਾਲਾਂਕਿ ਉਸ ਦੀ ਹੁਣ ਕੋਈ ਲੋੜ ਨਹੀਂ ਰਹਿ ਗਈ। ਆਪਣੇ ਆਪ ਨੂੰ ਉਸ ਸੋਚ ‘ਚੋਂ ਬਾਹਰ ਕੱਢੋ ਅਤੇ ਜ਼ਰਾ ਜਾਇਜ਼ਾ ਲਓ। ਤੁਸੀਂ ਕਾਫ਼ੀ ਵਧੀਆ ਸਥਿਤੀ ਵਿੱਚ ਪਹੁੰਚ ਚੁੱਕੇ ਹੋ ਅਤੇ ਇਹ ਤਾਂ ਜਸ਼ਨ ਮਨਾਉਣ ਦਾ ਕਾਰਨ ਹੋਣਾ ਚਾਹੀਦੈ।

ਅਸੀਂ ਸਾਰੇ ਬਹੁਤ ਜਲਦੀ ਚੱਦਰ ਦੇਖ ਕੇ ਪੈਰ ਪਸਾਰਣਾ ਸਿੱਖ ਜਾਂਦੇ ਹਾਂ। ਅਸੀਂ ਆਪਣੀਆਂ ਸੀਮਾਵਾਂ ਸਮਝ ਅਤੇ ਸਵੀਕਾਰ ਲੈਂਦੇ ਹਾਂ ਅਤੇ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਨ੍ਹਾਂ ਦਰਮਿਆਨ ਹੀ ਵਿੱਚਰਿਆ ਜਾਵੇ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਨਿਰਸ਼ਾਤਾਵਾਂ ਤੋਂ ਬਚਾਉਣ ਦੀ ਆਸ ਰੱਖਦੇ ਹਾਂ। ਕਈ ਵਾਰ, ਪਰ, ਸਾਡੀਆਂ ਢਾਲਾਂ ਹੀ ਸਾਡੀਆਂ ਜੇਲ੍ਹਾਂ ਬਣ ਜਾਂਦੀਆਂ ਹਨ। ਅਸੀਂ ਉਨ੍ਹਾਂ ਪਿੱਛੇ ਬਹੁਤ ਲੰਬਾ ਅਰਸਾ ਲੁਕੇ ਰਹਿੰਦੇ ਹਾਂ ਅਤੇ ਇਹ ਨੋਟਿਸ ਕਰਨਾ ਹੀ ਭੁੱਲ ਜਾਂਦੇ ਹਾਂ ਕਿ ਹੁਣ ਤਾਂ ਅਜਿਹਾ ਕੋਈ ਦੁਸ਼ਮਣ ਹੀ ਨਹੀਂ ਬਚਿਆ ਜਿਸ ਤੋਂ ਅਸੀਂ ਛੁੱਪਣਾ ਹੋਵੇ। ਇੱਕ ਵਕਤ, ਤੁਸੀਂ ਕਿਸੇ ਇੱਛਾ ਨੂੰ ਪਹੁੰਚ ਤੋਂ ਬਾਹਰ ਸਮਝਣ ਵਿੱਚ ਸਹੀ ਸੀ। ਹੁਣ, ਵਕਤ ਬਦਲ ਚੁੱਕੈ। ਤੁਹਾਨੂੰ ਵਧੇਰੇ ਉਪਕਾਰੀ ਆਸਮਾਨ ਦੀ ਆਦਤ ਪਾਉਣ ਦੀ ਲੋੜ ਹੈ।

ਜਦੋਂ ਕੋਈ ਸ਼ੈਅ ਬਹੁਤ ਮੁਸ਼ਕਿਲ ਜਾਪੇ, ਅਜਿਹਾ ਅਕਸਰ ਇਸ ਕਰ ਕੇ ਹੁੰਦੈ ਕਿਉਂਕਿ ਉਹ ਤੁਹਾਡੇ ਸੋਚਣ ਤੋਂ ਕਿਤੇ ਵੱਧ ਸੌਖੀ ਹੁੰਦੀ ਹੈ। ਸਾਧਾਰਣ ਚਾਬੀਆਂ ਕਈ ਵਾਰ ਸਭ ਤੋਂ ਸਖ਼ਤਜਾਨ ਤਾਲਿਆਂ ਨੂੰ ਖੋਲ੍ਹ ਦਿੰਦੀਆਂ ਨੇ। ਅਤੇ ਜੇਕਰ ਕੋਈ ਚੀਜ਼ ਬਹੁਤ ਸੌਖੀ ਲੱਗੇ ਤਾਂ? ਖ਼ੈਰ, ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕੋਈ ਵੀ ਸ਼ੈਅ ਬਹੁਤ ਲੰਬਾ ਅਰਸਾ ਬਹੁਤ ਸੌਖੀ ਨਹੀਂ ਰਹਿੰਦੀ! ਇਸ ਵਕਤ ਬਹੁਤ ਸਾਰੀ ਗੱਲਬਾਤ ਚੱਲ ਰਹੀ ਹੈ। ਇਸ ਦਾ ਅਰਥ ਇਹ ਹੋਇਆ ਕਿ ਵਿਚਾਰਣ ਲਈ ਵੀ ਬਹੁਤ ਕੁੱਝ ਹੋਵੇਗਾ। ਪਰ ਅਸਲ ਵਿੱਚ, ਹੈ ਨਹੀਂ। ਇਸ ਵਕਤ ਇੱਕੋ ਰਣਨੀਤੀ ਵਿੱਚ ਸਮਝਦਾਰੀ ਹੈ ਅਤੇ ਉਹ ਪਹਿਲਾਂ ਹੀ ਅਪਨਾਈ ਜਾ ਚੁੱਕੀ ਹੈ। ਉਸ ਨੂੰ ਅੰਜਾਮ ਤਕ ਲੈ ਕੇ ਜਾਓ ਅਤੇ ਆਪਣੇ ਹੀ ਫ਼ੈਸਲਿਆਂ ‘ਤੇ ਸ਼ੰਕੇ ਕਰਨੇ ਬੰਦ ਕਰੋ। ਉਹ ਸਾਰੇ ਸੂਝ ਵਾਲੇ ਹੀ ਰਹੇ ਹਨ।

ਕੀੜੀਆਂ ਆਪਣੇ ਭਾਰ ਤੋਂ ਕਈ ਗੁਣਾ ਵੱਧ ਭਾਰੀਆਂ ਚੀਜ਼ਾਂ ਚੁੱਕ ਸਕਦੀਆਂ ਹਨ। ਦੇਖੋ ਅਤੇ ਤੁਹਾਨੂੰ ਉਹ ਇੱਕ ਥਾਂ ਤੋਂ ਦੂਜੀ ਥਾਂ ਵੱਲ ਦੌੜਦੀਆਂ ਭੱਜਦੀਆਂ ਦਿਖ ਜਾਣਗੀਆਂ, ਕੀੜੀਆਂ ਦੇ ਸੰਸਾਰ ਦੇ ਭਵਨਾਂ ਦਾ ਨਿਰਮਾਣ ਕਰਨ ਲਈ ਦਿਨੇ ਰਾਤੀਂ ਸਖ਼ਤ ਮਿਹਨਤ ਕਰਦੀਆਂ। ਅਸੀਂ ਉਨ੍ਹਾਂ ਦੇ ਉੱਪਰੋਂ ਦੀ ਲੰਘ ਜਾਂਦੇ ਹਾਂ, ਅਤੇ ਜੇ ਕਿਤੇ ਉਹ ਸਾਡੀ ਨਜ਼ਰੀਂ ਪੈ ਵੀ ਜਾਣ ਤਾਂ ਉਸ ਦਾ ਮਤਲਬ ਹੁੰਦਾ ਹੈ ਉਨ੍ਹਾਂ ਦੀ ਮੌਤ। ਸਾਡੇ ਲਈ ਉਨ੍ਹਾਂ ਦੀਆਂ ਮਹਾਨ ਉਪਲਬਧੀਆਂ ਦਾ ਕੀ ਮਤਲਬ? ਤੁਸੀਂ ਇਹ ਗੱਲ ਪੱਕੇ ਵਿਸ਼ਵਾਸ ਨਾਲ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਵੀ ਵਿਅਰਥ ਵਿੱਚ ਮਿਹਨਤ ਨਹੀਂ ਕਰ ਰਹੇ? ਤੁਸੀਂ ਇਹ ਨਹੀਂ ਕਹਿ ਸਕਦੇ। ਤੁਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ। ਇਹੀ ਕਾਰਨ ਹੈ ਕਿ ਇਹ ਬੇਹੱਦ ਜ਼ਰੂਰੀ ਹੈ ਕਿ ਜੋ ਕੁੱਝ ਵੀ ਤੁਸੀਂ ਕਰੋ ਉਹ ਕਰਨ ‘ਚ ਤੁਹਾਨੂੰ ਸੱਚਮੁੱਚ ਮਜ਼ਾ ਆਵੇ!

ਮਿਹਨਤ ਕੀਤੇ ਬਿਨਾਂ ਕੁੱਝ ਵੀ ਨਸੀਬ ਨਹੀਂ ਹੁੰਦਾ। ਇਹ ਗੱਲ, ਨਿਰਸੰਦੇਹ, ਸਿਰੇ ਦੀ ਬਕਵਾਸ ਹੈ। ਉਹ ਅਜਿਹਾ ਇਸ ਲਈ ਕਹਿੰਦੇ ਹਨ ਕਿਉਂਕਿ ਇਹ ਸੁਣਨ ਵਿੱਚ ਬਹੁਤ ਚੰਗੀ ਲੱਗਦੀ ਹੈ – ਅਤੇ ਕਿਉਂਕਿ ਉਨ੍ਹਾਂ ਨੂੰ ਜਾਪਦੈ ਕਿ ਕੋਈ ਵੀ ਇਸ ਨੂੰ ਲੈ ਕੇ ਬਹਿਸ ਕਰਨ ਦੀ ਹਿੰਮਤ ਨਹੀਂ ਕਰੇਗਾ। ਬਿਨਾ ਕਿਸੇ ਉਦਾਸੀ ਅਤੇ ਪੀੜਾ ਦੇ ਵੀ ਸਾਕਾਰਾਤਮਕ ਪ੍ਰਗਤੀ ਹਾਸਿਲ ਕਰਨੀ ਬਿਲਕੁਲ ਸੰਭਵ ਹੈ। ਤਬਦੀਲੀ ਬਿਨਾ, ਪਰ, ਕੁੱਝ ਵੀ ਨਸੀਬ ਨਹੀਂ ਹੁੰਦਾ। ਕਈ ਵਾਰ, ਤਬਦੀਲੀ ਸਾਨੂੰ ਹੈਰਾਨ ਕਰ ਦਿੰਦੀ ਹੈ। ਅਸੀਂ ਉਸ ‘ਤੇ ਨਾਰਾਜ਼ ਹੁੰਦੇ ਹਾਂ ਜਾਂ ਉਸ ਦਾ ਵਿਰੋਧ ਕਰਦੇ ਹਾਂ। ਇਸ ਪ੍ਰਕਿਰਿਆ ਵਿੱਚ, ਅਸੀਂ ਅਪ੍ਰਸੰਨ ਹੋ ਜਾਂਦੇ ਹਾਂ। ਤੁਸੀਂ ਇਸ ਵਕਤ ਜਿੱਤ ਰਹੇ ਹੋ। ਕਿਸੇ ਨੂੰ ਵੀ ਇਹ ਮੌਕਾ ਨਾ ਦਿਓ ਕਿ ਉਹ ਤੁਹਾਨੂੰ ਮੂਰਖ ਬਣਾ ਕੇ ਇਸ ਤੋਂ ਇਲਾਵਾ ਕੁੱਝ ਹੋਰ ਸੋਚਣ ‘ਤੇ ਮਜਬੂਰ ਕਰ ਸਕੇ।