ਨਵੀਂ ਦਿੱਲੀ – ਐਤਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ T-20 ਹੈਟ੍ਰਿਕ ਲੈਣ ਵਾਲੇ ਗੇਂਦਬਾਜ਼ ਦੀਪਕ ਚਾਹਰ ਨੇ ICC T-20 ਗੇਂਦਬਾਜ਼ੀ ਰੈਂਕਿੰਗ ‘ਚ ਲੰਬੀ ਛਾਲ ਮਾਰੀ ਹੈ। ਐਤਵਾਰ ਨੂੰ ਨਾਗਪੁਰ T-20 ਸੀਰੀਜ਼ ਦੇ ਤੀਜੇ ਅਤੇ ਆਖ਼ਰੀ ਮੈਚ ‘ਚ ਦੀਪਕ ਨੇ 3.2 ਓਵਰਾਂ ‘ਚ ਗੇਂਦਬਾਜ਼ੀ ਕਰ ਕੇ ਸਿਰਫ਼ 7 ਦੌੜਾਂ ਦੇ ਕੇ 6 ਵਿਕਟਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਸ ਪ੍ਰਦਰਸ਼ਨ ਦਾ ਫ਼ਾਇਦਾ ਦੀਪਕ ਨੂੰ ਗੇਂਦਬਾਜ਼ੀ ਰੈਂਕਿੰਗ ‘ਚ ਹੋਇਆ।
88 ਪਾਇਦਾਨ ਦਾ ਹੋਇਆ ਫ਼ਾਇਦਾ
ਬੰਗਲਾਦੇਸ਼ ਖ਼ਿਲਾਫ਼ ਖੇਡੀ ਗਈ T-20 ਸੀਰੀਜ਼ ਤੋਂ ਪਹਿਲਾਂ ਦੀਪਕ ਚੋਟੀ ਦੇ 100 ਗੇਂਦਬਾਜ਼ਾਂ ਦੀ ਸੂਚੀ ‘ਚੋਂ ਬਾਹਰ ਸੀ। ਸੀਰੀਜ਼ ਦੇ ਦੌਰਾਨ ਉਸ ਨੇ ਤਿੰਨ ਮੁਕਾਬਲਿਆਂ ‘ਚ ਕੁੱਲ ਅੱਠ ਵਿਕਟਾਂ ਹਾਸਿਲ ਕੀਤੀਆਂ। ਇਸ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਉਸ ਨੂੰ T-20 ਕੌਮਾਂਤਰੀ ਗੇਂਦਬਾਜ਼ੀ ਰੈਂਕਿੰਗ ‘ਚ ਮਿਲਿਆ। ਦੀਪਕ ਨੇ ਸਿੱਧਾ ਟੌਪ 50 ਗੇਂਦਬਾਜ਼ਾਂ ਦੀ ਸੂਚੀ ‘ਚ ਜਗ੍ਹਾ ਬਣਾ ਲਈ ਹੈ। 88 ਪਾਇਦਾਨ ਦੇ ਸੁਧਾਰ ਦੇ ਨਾਲ ਉਹ ਹੁਣ 42ਵੇਂ ਨੰਬਰ ‘ਤੇ ਪਹੁੰਚ ਗਿਆ ਹੈ।
ICC ਦੀ T-20 ਗੇਂਦਬਾਜ਼ੀ ਰੈਂਕਿੰਗ
ਅਫ਼ਗ਼ਾਨਿਸਤਾਨ ਦਾ ਰਾਸ਼ਿਦ ਖ਼ਾਨ T-20 ਗੇਂਦਬਾਜ਼ੀ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਕਾਬਜ਼ ਹੈ। ਦੂਜਾ ਨੰਬਰ ਨਿਊ ਜ਼ੀਲੈਂਡ ਦੇ ਮਿਸ਼ੈਲ ਸੈਂਟਰਨ ਦਾ ਹੈ ਜਦਕਿ ਤੀਜੇ ਸਥਾਨ ‘ਤੇ ਪਾਕਿਸਤਾਨ ਦਾ ਇਮਾਦ ਵਸੀਮ ਹੈ। ਟੌਪ-10 ‘ਚ ਕੋਈ ਭਾਰਤੀ ਗੇਂਦਬਾਜ਼ ਨਹੀਂ। T-20 ਟੀਮ ਤੋਂ ਬਾਹਰ ਚਲ ਰਹੇ ਕੁਲਦੀਪ ਯਾਦਵ 14ਵੇਂ ਸਥਾਨ ‘ਤੇ ਹੈ। ਕਰੁਣਾਲ ਪੰਡਯਾ ਇਸ ਲਿਸਟ ‘ਚ 18ਵੇਂ ਸਥਾਨ ‘ਤੇ ਹੈ।

ਧੋਨੀ ਦੀਆਂ ਗਾਲ੍ਹਾਂ ਨੇ ਬਦਲਿਆ ਦੀਪਕ ਚਾਹਰ ਦਾ ਕਰੀਅਰ

ਨਵੀਂ ਦਿੱਲੀ – ਟੀਮ ਨੇ ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਦੀ ਗ਼ੈਰ ਹਾਜ਼ਰੀ ਦੇ ਬਾਵਜੂਦ ਬੰਗਲਾਦੇਸ਼ ਖ਼ਿਲਾਫ਼ ਫ਼ੈਸਲਾਕੁੰਨ ਮੁਕਾਬਲੇ ਵਿੱਚ ਬੇਹੱਦ ਦਬਾਅ ਭਰੇ ਮੈਚ ਵਿੱਚ ਜਿੱਤ ਹਾਸਲ ਕਰ ਕੇ ਸੀਰੀਜ਼ ਆਪਣੇ ਨਾਂ ਕੀਤੀ। ਇੱਕ ਸਮਾਂ ਅਜਿਹਾ ਆਇਆ ਸੀ ਜਦੋਂ ਲੱਗ ਰਿਹਾ ਸੀ ਕਿ ਟੀਮ ਇੰਡੀਆ ਦੇ ਹੱਥੋਂ ਇਹ ਮੈਚ ਅਤੇ ਸੀਰੀਜ਼ ਜਾ ਰਹੀ ਹੈ, ਪਰ ਦੀਪਕ ਚਾਹਰ ਨੇ ਮੁਸ਼ਕਿਲ ਸਮੇਂ ਵਿੱਚ ਛੇ ਵਿਕਟਾਂ ਲੈ ਕੇ ਮੈਚ ਅਤੇ ਸੀਰੀਜ਼ ਦੋਹੇਂ ਭਾਰਤੀ ਟੀਮ ਦੀ ਝੋਲੀ ਵਿੱਚ ਪਾ ਦਿੱਤੇ। ਦੀਪਕ ਚਾਹਰ ਨੇ ਇਸ ਮੈਚ ਵਿੱਚ ਹੈਟ੍ਰਿਕ ਵੀ ਲਈ ਅਤੇ ਕੌਮਾਂਤਰੀ T-20 ਵਿੱਚ ਅਜਿਹਾ ਕਰਨ ਵਾਲਾ ਉਹ ਭਾਰਤ ਦਾ ਪਹਿਲਾ ਗੇਂਦਬਾਜ਼ ਬਣ ਗਿਆ। ਦੱਸ ਦਈਏ ਕਿ ਅੱਜ ਭਾਂਵੇ ਦੀਪਕ ਚਾਹਰ ਨੂੰ ਪੂਰੀ ਦੁਨੀਆ ਸਲਾਮ ਕਰ ਰਹੀ ਹੈ, ਪਰ ਇੱਕ ਸਮਾਂ ਅਜਿਹਾ ਸੀ ਜਦੋਂ ਉਸ ਨੂੰ ਕਹਿ ਦਿੱਤਾ ਗਿਆ ਸੀ ਕਿ ਉਹ ਕ੍ਰਿਕਟਰ ਨਹੀਂ ਬਣ ਸਕਦਾ। ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ ਨੇ ਉਸ ਨੂੰ ਮੈਚ ਦੌਰਾਨ ਫ਼ਿਟਕਾਰ ਵੀ ਲਗਾਈ ਸੀ ਜਿਸ ਕਾਰਨ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ।
ਧੋਨੀ ਦੀ ਡਾਂਟ ਨੇ ਬਣਾਇਆ ਸਫ਼ਲ ਗੇਂਦਬਾਜ਼
ਜੇਕਰ ਅੱਜ ਦੀਪਕ ਚਾਹਰ ਨੂੰ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਤਾਂ ਉਸ ਵਿੱਚ ਪੂਰਾ ਹੱਥ ਮਹਿੰਦਰ ਸਿੰਘ ਧੋਨੀ ਦਾ ਹੈ। ਦੀਪਕ ਚਾਹਰ ਇੱਕ ਚੰਗਾ ਗੇਂਦਬਾਜ਼ ਸੀ, ਪਰ ਉਹ ਇੱਕ ਖ਼ਤਰਨਾਕ ਗੇਂਦਬਾਜ਼ ਧੋਨੀ ਦੀ ਕਪਤਾਨੀ ਵਿੱਚ ਹੀ ਬਣਿਆ। ਦਰਅਸਲ, ਦੀਪਕ ਚਾਹਰ IPL ਦੀ ਫ਼੍ਰੈਂਚਾਈਜ਼ੀ ਵਾਲੀ ਟੀਮ ਚੇਨਈ ਸੁਪਰ ਕਿੰਗਜ਼ ਵਲੋਂ ਖੇਡਦਾ ਹੈ ਜਿਸ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਹੈ। ਧੋਨੀ ਚਾਹਰ ਤੋਂ ਸ਼ੁਰੂਆਤੀ ਚਾਰ ਓਵਰਾਂ ਵਿੱਚ ਗੇਂਦਬਾਜ਼ੀ ਕਰਵਾਉਂਦਾ ਰਿਹਾ ਜਿਸ ਕਾਰਨ ਦੀਪਕ ਨੂੰ ਕਾਫ਼ੀ ਸਫ਼ਲਤਾਵਾਂ ਮਿਲਦੀਆਂ ਰਹੀਆਂ। ਫ਼ਿਰ ਬਾਅਦ ਵਿੱਚ ਧੋਨੀ ਨੇ ਚਾਹਰ ਤੋਂ ਡੈੱਥ ਓਵਰਾਂ ਵਿੱਚ ਵੀ ਗੇਂਦਬਾਜ਼ੀ ਕਰਾਉਣੀ ਸ਼ੁਰੂ ਕਰਵਾਈ।
ਚਾਹਰ ਨੂੰ ਡੈੱਥ ਓਵਰਾਂ ਵਿੱਚ ਗੇਂਦਬਾਜ਼ੀ ਕਰਨ ਦਾ ਤਜਰਬਾ ਨਹੀਂ ਸੀ ਅਤੇ ਉਸ ਨੇ ਕਈ ਗ਼ਲਤੀਆਂ ਕਰਨੀਆਂ ਸ਼ੁਰੂ ਕੀਤੀਆਂ ਜਿਸ ਕਾਰਨ ਧੋਨੀ ਨੇ ਉਸ ਨੂੰ ਮੈਚ ਦੌਰਾਨ ਫ਼ਿਟਕਾਰ ਲਗਾਈ। ਧੋਨੀ ਨੇ ਮੈਚ ਦੌਰਾਨ ਉਸ ਨੂੰ ਇੰਨਾ ਝਿੜਕਿਆ ਕਿ ਚਾਹਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਹੋਏ ਇਸ ਮੈਚ ਵਿੱਚ ਚਾਹਰ ਨੂੰ 19ਵਾਂ ਓਵਰ ਸੌਂਪਿਆ ਗਿਆ ਅਤੇ ਇਸ ਵਿੱਚ ਚਾਹਰ ਨੇ ਦੋ ਫ਼ੁਲਟੌਸ ਗੇਂਦਾਂ ਅਤੇ ਇੱਕ ਨੋ ਬਾਲ ਸੁੱਟੀ ਜਿਸ ‘ਤੇ ਧੋਨੀ ਨਾਰਾਜ਼ ਹੋ ਗਿਆ, ਅਤੇ ਉਸ ਨੇ ਚਾਹਰ ਨੂੰ ਪਲੈਨ ਮੁਤਾਬਿਕ ਗੇਂਦਬਾਜ਼ੀ ਕਰਨ ਲਈ ਕਿਹਾ। ਚਾਹਰ ਦਾ ਚਿਹਰਾ ਸਾਫ਼ ਉੱਤਰਿਆ ਦਿਸ ਰਿਹਾ ਸੀ। ਹਾਲਾਂਕਿ ਧੋਨੀ ਦੀ ਫ਼ਿਟਕਾਰ ਤੋਂ ਬਾਅਦ ਚਾਹਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਚੇਨਈ ਸੁਪਰ ਕਿੰਗਜ਼ ਨੇ ਉਹ ਮੈਚ ਆਪਣੇ ਨਾਂ ਕੀਤਾ।
ਗ੍ਰੈੱਗ ਚੈਪਲ ਨੇ ਚਾਹਰ ਨੂੰ ਦੱਸਿਆ ਸੀ ਖਰਾਬ ਕ੍ਰਿਕਟਰ
ਦੱਸ ਦਈਏ ਕਿ ਦੀਪਕ ਚਾਹਰ ਜਦੋਂ ਛੋਟਾ ਸੀ ਤਾਂ ਉਹ ਰਾਜਸਥਾਨ ਦੇ ਹਨੁਮਾਨਗੜ੍ਹ ਵਿੱਚ ਪ੍ਰੈਕਟਿਸ ਕਰਦਾ ਹੁੰਦਾ ਸੀ। ਇੱਕ ਵਾਰ ਚਾਹਰ ਦੀ ਉੱਥੇ ਗ੍ਰੈੱਗ ਚੈਪਲ ਨਾਲ ਮੁਲਾਕਾਤ ਹੋਈ। ਦੀਪਕ ਚਾਹਰ ਦੀ ਗੇਂਦਬਾਜ਼ੀ ਦੇਖਣ ਤੋਂ ਬਾਅਦ ਚੈਪਲ ਨੇ ਉਸ ਨੂੰ ਕਿਹਾ ਸੀ ਕਿ ਉਹ ਕ੍ਰਿਕਟ ਛੱਡ ਦੇਵੇ ਕਿਉਂਕਿ ਉਹ ਕ੍ਰਿਕਟਰ ਨਹੀਂ ਬਣ ਸਕਦਾ। ਦੀਪਕ ਚਾਹਰ ਨੇ ਗ੍ਰੈੱਗ ਚੈਪਲ ਦੀ ਗੱਲਾਂ ਨੂੰ ਇੱਕ ਚੈਲੰਜ ਦੀ ਤਰ੍ਹਾਂ ਲਿਆ ਅਤੇ ਅੱਜ ਚਾਹਰ ਨੇ ਉਹ ਉਪਲਬਧੀ ਹਾਸਿਲ ਕੀਤੀ ਜੋ ਕਿਸੇ ਭਾਰਤੀ ਕ੍ਰਿਕਟਰ ਦੇ ਨਾਂ ਨਹੀਂ।