ਨਾਗਪੁਰ – ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਖ਼ਰਾਬ ਸਮਾਂ ਉਸ ਦਾ ਸਾਥ ਨਹੀਂ ਛੱਡ ਰਿਹਾ। ਭਾਰਤ ਅਤੇ ਬੰਗਲਾਦੇਸ਼ ਵਿੱਚਾਲੇ T-20 ਸੀਰੀਜ਼ ਵਿੱਚ ਦੂਜੀ ਵਾਰ ਪੰਤ ਨੇ DRS ਵਿੱਚ ਗੜਬੜੀ ਕੀਤੀ। ਤੀਜੇ ਅਤੇ ਫ਼ੈਸਲਾਕੁੰਨ ਮੁਕਾਬਲੇ ਵਿੱਚ ਪੰਤ ਨੇ ਇੱਕ ਵਾਰ ਫ਼ਿਰ ਗ਼ਲਤ DRS ਲਿਆ ਜਿਸ ਤੋਂ ਬਾਅਦ ਕਪਤਾਨ ਰੋਹਿਤ ਵੀ ਕਾਫ਼ੀ ਗੁੱਸੇ ਵਿੱਚ ਦਿਖਿਆ। ਮੈਦਾਨ ‘ਤੇ ਦਰਸ਼ਕਾਂ ਨੇ ਵੀ ਪੰਤ ‘ਤੇ ਗੁੱਸਾ ਜ਼ਾਹਿਰ ਕਰਦਿਆਂ ਧੋਨੀ-ਧੋਨੀ ਦੇ ਨਾਅਰੇ ਲਗਾਏ। ਨੌਜਵਾਨ ਵਿਕਟਕੀਪਰ ਬੱਲੇਬਾਜ਼ ਲਗਾਤਾਰ DRS ਲੈਣ ‘ਚ ਗੜਬੜੀ ਕਰ ਰਿਹਾ ਹੈ। ਦਿੱਲੀ ਵਿੱਚ ਖੇਡੇ ਗਏ ਪਹਿਲੇ T-20 ਮੁਕਾਬਲੇ ਵਿੱਚ ਵੀ ਪੰਤ ਨੇ ਗ਼ਲਤ ਸਮੇਂ ਰਿਵਿਊ ਲੈਣ ਲਈ ਕਿਹਾ ਸੀ ਜਦਕਿ ਜ਼ਰੂਰਤ ਪੈਣ ‘ਤੇ ਉਹ ਅਜਿਹਾ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਰਾਜਕੋਟ T-20 ਵਿੱਚ ਉਸ ਨੇ ਕੀਪਿੰਗ ਵਿੱਚ ਕਾਫ਼ੀ ਗ਼ਲਤੀਆਂ ਕੀਤੀਆਂ।
ਰੋਹਿਤ ਨੇ ਠੁਕਰਾ ਦਿੱਤੀ ਸੀ ਪੰਤ ਦੀ ਮੰਗ
ਤੀਜੇ T-20 ਮੈਚ ਵਿੱਚ ਬੰਗਲਾਦੇਸ਼ ਦੀ ਪਾਰੀ ਦੇ 15ਵੇਂ ਓਵਰ ਵਿੱਚ ਪੰਤ ਨੇ ਖ਼ਲੀਲ ਅਹਿਮਦ ਦੀ ਗੇਂਦ ‘ਤੇ ਇੱਕ ਵਾਰ ਫ਼ਿਰ ਜ਼ਬਰਦਸਤੀ ਕਪਤਾਨ ਰੋਹਿਤ ਨੂੰ DRS ਲੈਣ ਲਈ ਮਜਬੂਰ ਕੀਤਾ। ਇਸ ਗੇਂਦ ਨੂੰ ਅੰਪਾਇਰ ਨੇ ਵਾਈਡ ਕਰਾਰ ਦਿੱਤਾ, ਪਰ ਪੰਤ ਨੂੰ ਬੱਲੇ ਨਾਲ ਗੇਂਦ ਲੱਗਣ ਦੀ ਆਵਾਜ਼ ਸੁਣਾਈ ਦਿੱਤੀ ਸੀ। ਉਸ ਨੇ ਕਪਤਾਨ ਨੂੰ ਰਿਵਿਊ ਲੈਣ ਲਈ ਕਿਹਾ। ਸ਼ੁਰੂ ਵਿੱਚ ਰੋਹਿਤ ਨੇ ਮਨ੍ਹਾ ਕਰ ਦਿੱਤਾ ਅਤੇ ਉਹ ਹੱਥ ਹਿਲਾ ਕੇ ਪੰਤ ਨੂੰ ਮੰਗ ਨੂੰ ਨਕਾਰਦੇ ਰਿਹਾ, ਪਰ ਬਾਅਦ ਵਿੱਚ ਰੋਹਿਤ ਨੇ DRS ਲੈਣ ਦਾ ਫ਼ੈਸਲਾ ਲੈ ਲਿਆ। ਜਦੋਂ ਰਿਵਿਊ ਵਿੱਚ ਦੇਖਿਆ ਗਿਆ ਤਾਂ ਗੇਂਦ ਬੱਲੇ ਤੋਂ ਕਾਫ਼ੀ ਦੂਰ ਸੀ ਤਾਂ ਇਹ ਦੇਖ ਕੇ ਰੋਹਿਤ ਸ਼ਰਮਾ ਕਾਫ਼ੀ ਨਿਰਾਸ਼ ਅਤੇ ਨਾਰਾਜ਼ ਦਿਖਿਆ।
ਧੋਨੀ-ਧੋਨੀ ਦੇ ਨਾਅਰੇ
ਪੰਤ ਦੀ ਖ਼ਰਾਬ ਵਿਕਟੀਪਿੰਗ ਤੋਂ ਬਾਅਦ ਮੈਦਾਨ ਵਿੱਚ ਧੋਨੀ-ਧੋਨੀ ਦੇ ਨਾਅਰੇ ਲੱਗਣ ਲੱਗੇ। ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਰਿਸ਼ਭ ਪੰਤ ਬੱਲੇ ਨਾਲ ਪ੍ਰਦਰਸ਼ਨ ਕਰਨ ‘ਚ ਵੀ ਅਸਫ਼ਲ ਰਿਹਾ। ਉਹ ਨੌਂ ਗੇਂਦਾਂ ਖੇਡਣ ਤੋਂ ਬਾਅਦ ਸਿਰਫ਼ ਛੇ ਦੌੜਾਂ ਹੀ ਬਣਾ ਸਕਿਆ। ਗੇਂਦ ਦਾ ਉਸ ਦੇ ਬੱਲੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਸੀ ਜਦਕਿ ਉਸ ਦਾ ਸਾਥੀ ਅਤੇ ਦਿੱਲੀ ਕੈਪੀਟਲਜ਼ ਦਾ ਕਪਤਾਨ ਸ਼੍ਰੇਅਸ ਅਯੀਅਰ ਆਰਾਮ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਇਸ ਪੂਰੀ ਸੀਰੀਜ਼ ਵਿੱਚ ਪੰਤ ਨੇ ਬੱਲੇ ਦੇ ਨਾਲ-ਨਾਲ ਕੀਪਿੰਗ ਵਿੱਚ ਵੀ ਨਿਰਾਸ਼ ਕੀਤਾ ਹੈ। ਉਹ ਲਗਾਤਾਰ ਆਲੋਚਕਾਂ ਦੇ ਨਿਸ਼ਾਨੇ ‘ਤੇ ਰਿਹਾ ਹੈ।