ਨਵੀਂ ਦਿੱਲੀ – ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਸਮਾਗਮ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਇੱਕੋ ਬਸ ਵਿੱਚ ਸਫ਼ਰ ਕਰ ਰਹੇ ਸਨ। ਕਰੀਬ ਪੰਜ ਮਿੰਟ ਲੱਬੇ ਇਸ ਸਫ਼ਰ ਦੌਰਾਨ ਕੈਪਟਨ ਨੇ ਇਮਰਾਨ ਨਾਲ ਆਪਣੇ ਖ਼ਾਨਦਾਨੀ ਕ੍ਰਿਕਟ ਦੇ ਰਿਸ਼ਤਿਆਂ ਦੀ ਗੱਲ ਕੀਤੀ। ਦਰਅਸਲ, ਇਮਰਾਨ ਖ਼ਾਨ ਨੇ ਜ਼ੀਰੋ ਪੁਆਈਂਟ ‘ਤੇ ਭਾਰਤੀ ਸ਼ਰਧਾਲੂਆਂ ਦਾ ਸਵਾਗਤ ਕੀਤਾ ਸੀ। ਉਸ ਤੋਂ ਬਾਅਦ ਬੱਸ ਤੋਂ ਸਾਰੇ ਮਿਹਮਾਨਾਂ ਨੂੰ ਗੁਰੂਦੁਆਰਾ ਕੌਮਪਲੈਕਸ ਤਕ ਲਿਆਇਆ ਗਿਆ। ਇਸ ਦੌਰਾਨ ਇਮਰਾਨ ਅਤੇ ਅਮਰਿੰਦਰ ਦੀ ਗੱਲਬਾਤ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ।
ਅਮਰਿੰਦਰ ਸਿੰਘ ਨੇ ਬੱਸ ਯਾਤਰਾ ਦੌਰਾਨ ਇਮਰਾਨ ਖ਼ਾਨ ਨਾਲ ਪੁਰਾਣੀ ਜਾਣ-ਪਛਾਣ ਕੱਢੀ। ਮੁੱਖ ਮੰਤਰੀ ਨੇ ਇਮਰਾਨ ਨੂੰ ਦੱਸਿਆ ਕਿ ਉਹ ਉਸ ਨੂੰ ਕ੍ਰਿਕਟ ਖੇਡਣ ਦੇ ਦਿਨਾਂ ਤੋਂ ਜਾਣਦੇ ਹਨ। ਇਮਰਾਨ ਦੇ ਰਿਸ਼ਤੇਦਾਰ ਜਹਾਂਗੀਰ ਖ਼ਾਨ ਅੰਗਰੇਜ਼ਾਂ ਦੇ ਦੌਰ ਵਿੱਚ ਪਟਿਆਲੇ ਲਈ ਕ੍ਰਿਕਟ ਖੇਡਦੇ ਸਨ। ਉਸ ਦੇ ਨਾਲ ਮੁਹੰਮਦ ਨਿਸਾਰ, ਲਾਲਾ ਅਮਰਨਾਥ, ਤੇਜ਼ ਗੇਂਦਬਾਜ਼ ਅਮਰ ਸਿੰਘ, ਬੱਲੇਬਾਜ਼ ਵਜ਼ੀਰ ਅਲੀ ਅਤੇ ਅਮੀਰ ਅਲੀ ਵੀ ਸਨ। ਇਹ ਸੱਤ ਖਿਡਾਰੀ ਉਸ ਟੀਮ ਦੇ ਮੈਂਬਰ ਸਨ ਜਿਸ ਦੀ ਕਪਤਾਨੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜ ਯਾਦਵਿੰਦਰ ਸਿੰਘ ਨੇ 1934-35 ਵਿੱਚ ਭਾਰਤ ਅਤੇ ਪਟਿਆਲੇ ਲਈ ਕੀਤੀ ਸੀ।
ਪ੍ਰੋਗਰਾਮ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਵਲੋਂ ਕਿਹਾ ਗਿਆ ਕਿ ਕ੍ਰਿਕਟ ਇੱਕ ਧਾਗੇ ਦੀ ਤਰ੍ਹਾਂ ਹੈ ਜੋ ਭਾਰਤ ਅਤੇ ਪਾਕਿਸਤਾਨ ਨੂੰ ਹਮੇਸ਼ਾ ਜੋੜ ਕੇ ਰੱਖਦਾ ਹੈ। ਕ੍ਰਿਕਟ ਨੂੰ ਧੰਨਵਾਦ। ਇਹ ਮੁਲਾਕਾਤ ਇਮਰਾਨ ਅਤੇ ਅਮਰਿੰਦਰ ਸਿੰਘ ਦੇ ਰਿਸ਼ਤਿਆਂ ਵਿੱਚਾਲੇ ਜੰਮੀ ਬਰਫ਼ ਨੂੰ ਪਿਘਲਾਉਣ ਲਈ ਕਾਫ਼ੀ ਸੀ। ਇਸ ਮੁਲਾਕਾਤ ਨੇ ਭਵਿੱਖ ਵਿੱਚ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦੇ ਸੰਕੇਤ ਦਿੱਤੇ ਹਨ।