ਨਵੀਂ ਦਿੱਲੀ – ਕ੍ਰਿਕਟ ਇਤਿਹਾਸ ‘ਚ ਆਪਣੀ ਬੱਲੇਬਾਜ਼ੀ ਦਾ ਦਮਦਾਰ ਪ੍ਰਦਰਸ਼ਨ ਦਿਖਾ ਚੁੱਕੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਦਾ ਕਹਿਣਾ ਹੈ ਕਿ ਭਾਰਤੀ ਟੀਮ ਦੇ ਵਿਕਟਕੀਪਰ ਅਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਆਪਣੇ ਆਪ ਨੂੰ ਸਾਬਿਤ ਕਰਨ ਲਈ ਹੋਰ ਸਮਾਂ ਦੇਣਾ ਚਾਹੀਦਾ ਹੈ।
ਇੱਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਗਾਵਸਕਰ ਨੇ ਕਿਹਾ, ”ਇਸ ਖੇਡ ‘ਚ ਦੋ ਤਿੰਨ ਕੰਮ ਅਜਿਹੇ ਹਨ, ਜਿਨ੍ਹਾਂ ਨੂੰ ਥੈਂਕਲੈੱਸ ਜੌਬ ਕਿਹਾ ਜਾ ਸਕਦਾ ਹੈ। ਸਭ ਤੋਂ ਪਹਿਲਾ ਹੈ ਅੰਪਾਇਰਿੰਗ। ਜੇਕਰ ਅੰਪਾਇਰ ਨੌਂ ਫ਼ੈਸਲੇ ਸਹੀ ਕਰਦਾ ਹੈ ਅਤੇ ਇੱਕ ਗ਼ਲਤ ਕਰਦਾ ਹੈ ਤਾਂ ਸਿਰਫ਼ ਗ਼ਲਤ ਫ਼ੈਸਲੇ ਬਾਰੇ ਗੱਲ ਹੁੰਦੀ ਹੈ। ਇਹੋ ਗੱਲ ਵਿਕਟਕੀਪਰਾਂ ‘ਤੇ ਲਾਗੂ ਹੁੰਦੀ ਹੈ। ਜੇਕਰ ਉਹ 95 ਫ਼ੀਸਦੀ ਸਹੀ ਕੰਮ ਕਰਦੇ ਹਨ, ਪਰ ਇੱਕ ਮੌਕਾ ਗੁਆ ਦਿੰਦੇ ਹਨ ਤਾਂ ਸਿਰਫ਼ ਉਸੇ ਇੱਕ ਮੌਕੇ ਦੇ ਬਾਰੇ ‘ਚ ਗੱਲ ਹੁੰਦੀ ਹੈ।”
ਗਾਵਸਕਰ ਨੇ ਅੱਗੇ ਕਿਹਾ, ”ਇਸ ਸਮੇਂ ਰਿਸ਼ਭ ਪੰਤ ਨਾਲ ਅਜਿਹਾ ਹੀ ਹੋ ਰਿਹਾ ਹੈ। ਉਸ ਦੀਆਂ ਕਮੀਆਂ ਬਾਰੇ ਚਰਚਾ ਹੋ ਰਹੀ ਹੈ ਜਦਕਿ ਉਹ ਚੰਗੀ ਵਿਕਟਕੀਪਿੰਗ ਕਰ ਰਿਹਾ ਹੈ।” ਗਾਵਸਕਰ ਦੀ ਇਹ ਟਿੱਪਣੀ ਰੋਹਿਤ ਸ਼ਰਮਾ ਦੇ ਉਸ ਕੌਮੈਂਟ ਦੇ ਬਾਅਦ ਆਈ ਹੈ ਜਿਸ ‘ਚ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਰਿਸ਼ਭ ਪੰਤ ਨੂੰ ਆਜ਼ਾਦੀ ਨਾਲ ਆਪਣੀ ਖੇਡ ਖੇਡਣ ਦਿਓ।