ਸ਼ਰਦ ਪਵਾਰ ਨੇ ਕਿਹਾ – ਗਠਜੋੜ ਸਰਕਾਰ ਬਣਾਉਣ ਲਈ ਪ੍ਰਕਿਰਿਆ ਜਾਰੀ
ਮੁੰਬਈ : ਮਹਾਰਾਸ਼ਟਰ ਵਿਚ ਗਠਜੋੜ ਸਰਕਾਰ ਬਣਨ ਜਾ ਰਹੀ ਹੈ ਅਤੇ ਇਹ ਸਰਕਾਰ ਪੂਰੇ ਪੰਜ ਸਾਲ ਚੱਲੇਗੀ। ਇਹ ਪ੍ਰਗਟਾਵਾ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਰਦਿਆਂ ਕਿਹਾ ਕਿ ਗੱਠਜੋੜ ਸਰਕਾਰ ਲਈ ਧਰਮ ਨਿਰਪੇਖਤਾ ਜ਼ਰੂਰੀ ਹੈ। ਪਵਾਰ ਨੇ ਕਿਹਾ ਕਿ ਉਹ ਧਰਮ ਨਿਰਪੇਖਤਾ ਦੀ ਗੱਲ ਕਰਨ ਵਾਲੇ ਲੋਕ ਹਨ ਅਤੇ ਗੱਠਜੋੜ ਸਰਕਾਰ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ।
ਇਸ ਦੇ ਚੱਲਦਿਆਂ ਗਠਜੋੜ ਸਰਕਾਰ ਬਣਾਉਣ ਲਈ ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਅਤੇ ਸ਼ਿਵ ਸੈਨਾ ਵਿਚਕਾਰ ਸਹਿਮਤੀ ਬਣ ਗਈ ਹੈ। ਸ਼ਿਵ ਸੈਨਾ ਦਾ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਦਾ ਉਪ ਮੰਤਰੀ ਬਣਾਉਣ ਲਈ ਤਿੰਨੋਂ ਪਾਰਟੀਆਂ ਰਾਜ਼ੀ ਹੋ ਗਈਆਂ। ਇਸ ਤੋਂ ਬਾਅਦ ਸ਼ਿਵ ਸੈਨਾ ਦੇ ਆਗੂ ਸੰਜੇ ਰਾਊਤ ਨੇ ਕਿਹਾ ਕਿ ਸਾਂਝੇ ਪ੍ਰੋਗਰਾਮ ਤਹਿਤ ਮਹਾਰਾਸ਼ਟਰ ਵਿਚ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੂਰੇ ਪੰਜ ਸਾਲ ਲਈ ਹੋਵੇਗਾ। ਇਹ ਵੀ ਦੱਸਿਆ ਕਿ ਆਉਂਦੀ 17 ਨਵੰਬਰ ਨੂੰ ਬਾਲ ਠਾਕਰੇ ਦੀ ਬਰਸੀ ਹੈ ਅਤੇ ਉਸ ਦਿਨ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਦਾ ਐਲਾਨ ਹੋ ਸਕਦਾ ਹੈ।