ਅੰਮ੍ਰਿਤਸਰ : ਪ੍ਰਦੂਸ਼ਣ ਅੱਜ ਪੂਰੀ ਦੁਨੀਆ ਦੀ ਸਮੱਸਿਆ ਬਣਿਆ ਹੋਇਆ ਹੈ। ਸ੍ਰੀ ਹਰਿਮੰਦਰ ਸਾਹਿਬ ਵੀ ਪ੍ਰਦੂਸ਼ਣ ਤੋਂ ਅਛੂਤਾ ਨਹੀਂ ਰਿਹਾ ਪਰ ਹੁਣ ਹਰਿਮੰਦਰ ਸਾਹਿਬ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਐੱਸ.ਜੀ.ਪੀ.ਸੀ. ਵਲੋਂ ਇਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ। ਐੱਸ.ਜੀ.ਪੀ.ਸੀ. ਵਲੋਂ ਸ੍ਰੀ ਹਰਿਮੰਦਰ ਸਾਹਿਬ ਲਈ ਵੱਖਰੇ 66 ਕੇਵੀ ਸਬ-ਸਟੇਸ਼ਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਦਰਅਸਲ, ਹਰਮਿੰਦਰ ਸਾਹਿਬ ‘ਚ ਹਰ ਵੇਲੇ ਬਿਜਲੀ ਸਪਲਾਈ ਲਈ ਲੋੜ ਪੈਣ ‘ਤੇ ਜਨਰੇਟਰਾਂ ਦੀ ਵਰਤੋਂ ਹੁੰਦੀ ਸੀ, ਜਿਸ ਨਾਲ ਪ੍ਰਦੂਸ਼ਣ ਪੈਦਾ ਹੁੰਦਾ ਸੀ ਪਰ ਹੁਣ ਇਸ ਸਮੱਸਿਆ ਨੂੰ ਖਤਮ ਕਰਦਿਆਂ ਸ਼੍ਰੋਮਣੀ ਕਮੇਟੀ ਵਲੋਂ 14 ਕਰੋੜ ਦੀ ਲਾਗਤ ਨਾਲ ਸਬ ਸਟੇਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਨਾਲ 24 ਘੰਟੇ ਬਿਜਲੀ ਸਪਲਾਈ ਵੀ ਮਿਲੇਗੀ ਤੇ ਜਨਰੇਟਰਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜ਼ਾਤ ਵੀ ਮਿਲੇਗੀ।
ਇਸ ਤੋਂ ਇਲਾਵਾ ਗੁਰੂ ਕੇ ਲੰਗਰਾਂ ਲਈ ਲੱਕੜੀ ਦੀ ਵਰਤੋਂ ਬੰਦ ਕਰਦੇ ਹੋਏ ਸਿੱਧੀ ਗੈਸ ਪਾਈਪ ਲਾਈਨ ਵੀ ਵਿਛਾਈ ਜਾ ਰਹੀ ਹੈ। ਸੰਗਤ ਵੀ ਐੱਸ.ਜੀ.ਪੀ.ਸੀ. ਦੇ ਇਸ ਉਪਰਾਲੇ ਤੋਂ ਕਾਫੀ ਉਤਸ਼ਾਹਿਤ ਤੇ ਖੁਸ਼ ਹੈ।
ਦੱਸ ਦੇਈਏ ਕਿ ਇਸਤੋਂ ਪਹਿਲਾਂ ਹਰਮਿੰਦਰ ਸਾਹਿਬ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਆਸ-ਪਾਸ ਫੁੱਲ-ਬੂਟੇ ਲਗਾਏ ਜਾ ਰਹੇ ਹਨ ਤੇ ਪਲਾਸਟਿਕ ਦੀ ਵਰਤੋਂ ਵੀ ਬੰਦ ਕਰ ਦਿੱਤੀ ਗਈ ਹੈ।