ਖੱਟਰ ਨੇ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਕੁਰਸੀ ‘ਤੇ ਬਿਠਾਇਆ
ਚੰਡੀਗੜ੍ਹ : ਹਰਿਆਣਾ ਮੰਤਰੀ ਮੰਡਲ ਦੇ ਪਹਿਲੇ ਵਿਸਥਾਰ ਤੋਂ ਬਾਅਦ ਬਣਾਏ ਗਏ ਸਾਰੇ ਕੈਬਨਿਟ ਅਤੇ ਰਾਜ ਮੰਤਰੀਆਂ ਨੇ ਆਪਣੇ-ਆਪਣੇ ਅਹੁਦੇ ਸੰਭਾਲ ਲਏ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਜਾ ਕੇ ਸਾਰੇ ਮੰਤਰੀਆਂ ਨੂੰ ਲੱਡੂ ਖੁਆ ਕੇ ਕੁਰਸੀ ‘ਤੇ ਬਿਠਾਇਆ ਅਤੇ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸਾਰੇ ਮੰਤਰੀਆਂ ਨੂੰ ਮੁੱਖ ਦਫਤਰ ਵਿਚ ਬੁਲਾਇਆ ਗਿਆ ਸੀ, ਜਿਥੋਂ ਮੁੱਖ ਮੰਤਰੀ ਇਕ-ਇਕ ਮੰਤਰੀ ਨੂੰ ਲੈ ਕੇ ਉਸਦੇ ਦਫਤਰ ਵਿਚ ਪਹੁੰਚੇ। ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮੁੱਖ ਮੰਤਰੀ ਨੇ ਸੀਟ ‘ਤੇ ਬਿਠਾਇਆ। ਮਨੋਹਰ ਲਾਲ ਖੱਟਰ ਨੇ ਲੰਘੇ ਕੱਲ੍ਹ ਕੈਬਨਿਟ ਦਾ ਪਹਿਲਾ ਵਿਸਥਾਰ ਕੀਤਾ ਅਤੇ 6 ਕੈਬਨਿਟ ਅਤੇ 4 ਰਾਜ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਰਹੇ ਸੰਦੀਪ ਸਿੰਘ ਨੂੰ ਰਾਜ ਮੰਤਰੀ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਖੇਡਾਂ ਤੇ ਯੁਵਾ ਮਾਮਲੇ ਸਬੰਧੀ ਮੰਤਰਾਲਾ ਦਿੱਤਾ ਗਿਆ ਹੈ। ਜਜਪਾ ਦੇ ਮੁਖੀ ਅਤੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਖੁਰਾਕ ਤੇ ਸਿਵਲ ਸਪਲਾਈ ਸਮੇਤ ਹੋਰ ਵੀ ਵਿਭਾਗ ਦਿੱਤੇ ਗਏ ਹਨ।