ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਯੁੱਧਿਆ ‘ਚ ਰਾਮ ਮੰਦਿਰ ਦੇ ਮਾਮਲੇ ‘ਚ ਦਿੱਤੇ ਫੈਸਲੇ ‘ਤੇ ਸਿੱਖ ਧਰਮ ਨੂੰ ‘ਸਿੱਖ ਕਲਟ’ ਦੱਸਣ ਦੇ ਸਮੁੱਚੇ ਮਾਮਲੇ ਦੀ ਘੋਖ ਕਰਨ ਲਈ ਸੀਨੀਅਰ ਵਕੀਲਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਸ ਕਮੇਟੀ ਵਿਚ ਸੀਨੀਅਰ ਵਕੀਲ ਐੱਚ. ਐੱਸ. ਫੂਲਕਾ, ਆਰ. ਐੱਸ. ਪੁਰੀ ਅਤੇ ਏ. ਪੀ. ਐੱਸ. ਆਹਲੂਵਾਲੀਆ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਅਯੁੱਧਿਆ ਵਿਚ ਰਾਮ ਮੰਦਿਰ ਬਾਰੇ ਫੈਸਲਾ ਸੁਣਾਉਣ ਸਮੇਂ ਸੁਪਰੀਮ ਕੋਰਟ ਦੇ ਮਾਣਯੋਗ ਚੀਫ ਜਸਟਿਸ ਰੰਜਨ ਗੋਗੋਈ ਅਤੇ ਹੋਰ ਜੱਜਾਂ ‘ਤੇ ਆਧਾਰਿਤ ਪੰਜ ਮੈਬਰੀ ਬੈਂਚ ਨੇ ਸਿੱਖ ਧਰਮ ਨੂੰ ‘ਸਿੱਖ ਕਲਟ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਕਮੇਟੀ ਬਣਾਉਣ ਦਾ ਮਕਸਦ ਇਹ ਹੈ ਕਿ ਇਸ ਮਾਮਲੇ ਵਿਚ ਜੋ ਵੀ ਸਿੱਖ ਇਤਿਹਾਸ ਨੂੰ ਲੈ ਕੇ ਹਵਾਲਾ ਦਿੱਤਾ ਗਿਆ, ਦੀ ਵੀ ਘੋਖ ਕੀਤੀ ਜਾਵੇ ਅਤੇ ਇਸ ਮਾਮਲੇ ਵਿਚ ਅੱਗੇ ਕੀ ਕੀਤਾ ਜਾਣ ਚਾਹੀਦਾ ਹੈ, ਕਮੇਟੀ ਉਸ ਬਾਰੇ ਸੁਝਾਅ ਦੇਵੇ। ਉਨ੍ਹਾਂ ਕਿਹਾ ਕਿ ਸਿੱਖ ਕਲਟ ਬਾਰੇ ਸੱਚਾਈ ਹੈ ਕਿ ਇਸ ਬਾਰੇ ਇਹ ਕਮੇਟੀ ਸਾਰਾ ਅਧਿਐਨ ਕਰਨ ਮਗਰੋਂ ਆਪਣੀ ਰਿਪੋਰਟ ਸੌਂਪੇਗੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਰਿਪੋਰਟ ਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕਰੇਗੀ।