ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਤੋਂ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਪ੍ਰਕਾਸ਼ ਜਾਵਡੇਕਰ ਦੇ ਇਕ ਟਵੀਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਸਮਾਂ ਰਾਜਨੀਤੀ ‘ਚ ਪੈਣ ਦਾ ਨਹੀਂ ਸਗੋਂ ਪ੍ਰਦੂਸ਼ਣ ਨੂੰ ਦੂਰ ਕਰਨ ਦਾ ਹੈ। ਰਾਫੇਲ ਜਹਾਜ਼ ਸੌਦੇ ‘ਚ ਸਰਕਾਰ ਨੂੰ ਮਿਲੀ ਕਲੀਨ ਚਿੱਟ ਵਿਰੁੱਧ ਦਾਖਲ ਮੁੜ ਵਿਚਾਰ ਪਟੀਸ਼ਨ ਨੂੰ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਜਾਵਡੇਕਰ ਨੇ ਟਵੀਟ ਕੀਤਾ,”ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ‘ਚੌਕੀਦਾਰ ਚੋਰ ਹੈ’ ਨਾਅਰੇ ਦਾ ਸਮਰਥਨ ਕੀਤਾ ਸੀ।”
ਜਾਵਡੇਕਰ ਨੂੰ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਟਵੀਟ ਕੀਤਾ,”ਸਰ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਮਿਲ ਕੇ ਪ੍ਰਦੂਸ਼ਣ ਦੂਰ ਕਰਨ ਦਾ ਹੈ। ਸਾਨੂੰ ਸਾਰੀਆਂ ਸਰਕਾਰਾਂ ਨੂੰ ਮਿਲ ਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਦਾ ਕੰਮ ਕਰਨਾ ਚਾਹੀਦਾ। ਦਿੱਲੀ ਸਰਕਾਰ ਅਤੇ ਦਿੱਲੀ ਦੇ ਲੋਕ ਮਿਲ ਕੇ ਉਹ ਸਭ ਕਰ ਰਹੇ ਹਨ ਜੋ ਸਾਡੇ ਹੱਥ ‘ਚ ਹੈ। ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਸਰ।” ਦੱਸਣਯੋਗ ਹੈ ਕਿ ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਧਾਨੀ ‘ਚ ਪ੍ਰਦੂਸ਼ਣ ਦੇ ਪੱਧਰ ‘ਚ ਗਿਰਾਵਟ ਆਈ ਪਰ ਇਸ ਦੇ ਬਾਵਜੂਦ ਹਵਾ ਗੁਣਵੱਤਾ ‘ਗੰਭੀਰ’ ਸ਼੍ਰੇਣੀ ‘ਚ ਬਣੀ ਹੋਈ ਹੈ।
ਪ੍ਰਦੂਸ਼ਣ ਨੂੰ ਕਾਬੂ ‘ਚ ਕਰਨ ਲਈ ਦਿੱਲੀ ਸਰਕਾਰ ਨੇ 4 ਤੋਂ 15 ਨਵੰਬਰ ਦਰਮਿਆਨ ਆਵਾਜਾਈ ਦੀ ਓਡ-ਈਵਨ ਯੋਜਨਾ ਲਾਗੂ ਕੀਤੀ ਅਤੇ ਇਸ ਨੂੰ ਵਧਾਉਣ ‘ਤੇ 18 ਨਵੰਬਰ ਨੂੰ ਫੈਸਲਾ ਲਵੇਗੀ। ਉੱਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਦਫ਼ਤਰ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਭਾਜਪਾ ਸੁਪਰੀਮ ਕੋਰਟ ਤੋਂ ਰਾਫੇਲ ਸੌਦੇ ‘ਚ ਸਰਕਾਰ ਨੂੰ ਕਲੀਨ ਚਿੱਟ ਮਿਲਣ ਦੇ 2 ਦਿਨ ਬਾਅਦ ‘ਆਪ’ ਵਲੋਂ ਲਗਾਏ ਗਏ ਕਥਿਤ ਗਲਤ ਦੋਸ਼ਾਂ ਦਾ ਵਿਰੋਧ ਕਰ ਰਹੀ ਸੀ।