ਗੁਹਾਟੀ— ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੂੰ ਆਸਾਮ ‘ਚ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਵੇਗੀ, ਜਿੱਥੇ ਉਹ 17 ਨਵੰਬਰ ਨੂੰ ਰਿਟਾਇਰਮੈਂਟ ਤੋਂ ਬਾਅਦ ਰਹਿਣਗੇ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਅਯੁੱਧਿਆ ਮਾਮਲੇ ‘ਚ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਰੰਜਨ ਗੋਗੋਈ ਅਤੇ ਚਾਰ ਹੋਰ ਜੱਜਾਂ ਦੀ ਸੁਰੱਖਿਆ ਵਧਾਈ ਗਈ ਸੀ। ਆਸਾਮ ਪੁਲਸ ਨੂੰ ਗੋਗੋਈ ਦੇ ਡਿਬਰੂਗੜ੍ਹ ਸਥਿਤ ਜੱਦੀ ਘਰ ਅਤੇ ਗੁਹਾਟੀ ‘ਚ ਦੂਜੇ ਘਰ ਦੀ ਸੁਰੱਖਿਆ ਦੇ ਬੰਦੋਬਸਤ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਆਸਾਮ ਪੁਲਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ,”ਸਾਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਗੋਗੋਈ ਦੀ ਸੁਰੱਖਿਆ ਵਧਾ ਕੇ ਜ਼ੈੱਡ ਪਲੱਸ ਕਰਨੀ ਹੈ ਜੋ ਕਿ ਸਰਵਉੱਚ ਸੁਰੱਖਿਆ ਕਵਰ ਹੈ। ਅਸੀਂ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕਰ ਰਹੇ ਹਨ, ਕਿਉਂਕਿ ਗੋਗੋਈ ਰਿਟਾਇਰਮੈਂਟ ਤੋਂ ਬਾਅਦ ਗੁਹਾਟੀ ‘ਚ ਰਹਿਣ ਵਾਲੇ ਹਨ।”
ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਮੰਤਰਾਲੇ ਕਿਸੇ ਵਿਅਕਤੀਗੱਤ ਦੀ ਸੁਰੱਖਿਆ ‘ਤੇ ਕਮੈਂਟ ਨਹੀਂ ਕਰਨਾ ਚਾਹੇਗਾ, ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਗੋਗੋਈ ਅਤੇ ਚਾਰ ਹੋਰ ਜੱਜਾਂ ਦੀ ਸੁਰੱਖਿਆ ਖਤਰੇ ਦੇ ਖਦਸ਼ੇ ਨੂੰ ਟਾਲਣ ਲਈ ਵਧਾਈ ਗਈ ਹੈ। ਗੋਗੋਈ ਨੂੰ ਸਰਵਉੱਚ ਸੁਰੱਖਿਆ ਦਿੱਤੀ ਗਈ ਤਾਂ ਉੱਥੇ ਹੀ ਦੂਜੇ ਜੱਜਾਂ ਨੂੰ ਵੱਖ-ਵੱਖ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।
ਗੁਹਾਟੀ ਸਥਿਤ ਗੋਗੋਈ ਦੇ ਪੁਰਾਣੇ ਘਰ ਨੂੰ ਰੇਨੋਵੇਟ (ਨਵੀਨੀਕਰਨ) ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਗੋਗੋਈ ਦੇ ਗੁਹਾਟੀ ‘ਚ ਕਾਮਾਖਿਆ ਮੰਦਰ ਸ਼ਕਤੀਪੀਠ ‘ਚ ਦੌਰੇ ਦੌਰਾਨ ਸੁਰੱਖਿਆ ‘ਚ ਲਾਪਰਵਾਹੀ ਕਾਰਨ ਡੀ.ਸੀ.ਪੀ. ਭੰਵਰ ਲਾਲ ਮੀਣਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਸਭ ਕੁਝ ਠੀਕ ਹੋਵੇ, ਇਹ ਯਕੀਨੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 9 ਨਵੰਬਰ ਨੂੰ ਰੰਜਨ ਗੋਗੋਈ ਅਤੇ ਚਾਰ ਹੋਰ ਜੱਜਾਂ ਦੀ ਬੈਂਚ ਨੇ ਅਯੁੱਧਿਆ ਵਿਵਾਦ ‘ਤੇ ਮਹੱਤਵਪੂਰਨ ਫੈਸਲਾ ਦਿੱਤਾ ਸੀ।