ਗੁਜਰਾਤ— ਗੁਜਰਾਤ ਭਾਰਤ ਦਾ ਉਹ ਸੂਬਾ ਹੈ, ਜਿੱਥੇ ਸ਼ਰਾਬਬੰਦੀ ਸਭ ਤੋਂ ਲੰਬੇ ਸਮੇਂ ਤੋਂ ਲਾਗੂ ਹੈ। ਪਰ ਫਿਰ ਵੀ ਗੁਜਰਾਤ ਵਿਚ ਜੋਮੈਟੋ-ਸਵਿੰਗੀ ਦੇ ਕਈ ਡਿਲਿਵਰੀ ਬੁਆਏ ਬਿਨਾਂ ਰੋਕ-ਟੋਕ ਸ਼ਰਾਬ ਦੀ ਡਿਲਿਵਰੀ ਕਰ ਰਹੇ ਹਨ। ਉਹ ਡਿਲਿਵਰੀ ਘਰ ਹੀ ਨਹੀਂ, ਸਗੋਂ ਕਿ ਪੁਲਸ ਥਾਣਿਆਂ ਤਕ ਸ਼ਰਾਬ ਪਹੁੰਚਾ ਦਿੰਦੇ ਹਨ। ਡਿਲਿਵਰੀ ਬੁਆਏ ਵਲੋਂ ਸ਼ਰਾਬ ਦੀ ਡਿਲਿਵਰੀ ਲਈ ਕੋਡ ਵਰਡ ਰੱਖੇ ਹਨ, ਜਿਨ੍ਹਾਂ ‘ਚੋਂ ਇਕ ਹੈ ‘ਲਵੋ ਜੀ ਤੁਹਾਡੀ ਵੈਜ਼ ਬਰਿਆਨੀ’। ਇਹ ਕੋਡ ਵਰਡ ਇਸ ਲਈ ਰੱਖੇ ਗਏ ਹਨ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ।
ਇਕ ਹਿੰਦੀ ਅਖ਼ਬਾਰ ਦੇ ਹਵਾਲੇ ਤੋਂ ਖ਼ਬਰ ਛਾਪੀ ਗਈ ਹੈ। ਅਖਬਾਰ ਵਲੋਂ ਦੱਖਣੀ ਗੁਜਰਾਤ ਦੇ ਸ਼ਹਿਰਾਂ ‘ਚ ਅਕਤੂਬਰ ਤੋਂ ਨਵੰਬਰ ਵਿਚਾਲੇ ਇਕ ਮਹੀਨੇ ਸਟਿੰਗ ਕੀਤਾ। ਇਸ ਦੌਰਾਨ ਇਕ ਡਿਲਿਵਰੀ ਬੁਆਏ ਨੇ ਦਾਅਵਾ ਕੀਤਾ ਕਿ ਜ਼ੋਮੈਟੋ-ਸਵਿੰਗੀ ਦੀ ਡਰੈੱਸ ਅਤੇ ਕਿੱਟ ਹੋਣ ਕਾਰਨ ਪੁਲਸ ਉਨ੍ਹਾਂ ‘ਤੇ ਸ਼ੱਕ ਨਹੀਂ ਕਰਦੀ। ਘਰ, ਥਾਣੇ ‘ਚ ਸ਼ਰਾਬ ਪਹੁੰਚਾਉਣ ਦਾ ਆਰਡਰ ਪੂਰਾ ਕੀਤਾ ਗਿਆ। ਮੁੱਕਦੀ ਗੱਲ ਇਹ ਹੈ ਕਿ ਕੰਪਨੀਆਂ ਦੀ ਜਾਣਕਾਰੀ ਦੇ ਬਿਨਾਂ ਹੀ ਕੁਝ ਡਿਲਿਵਰੀ ਬੁਆਏ ਇਹ ਗੈਰ-ਕਾਨੂੰਨੀ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਗੁਜਰਾਤ ਪੁਲਸ ਵੀ ਸਰਗਰਮ ਹੋ ਗਈ ਹੈ। ਦੋਹਾਂ ਕੰਪਨੀਆਂ ਲਈ ਡਿਲਿਵਰੀ ਦਾ ਕੰਮ ਕਰਨ ਵਾਲੇ 35 ਤੋਂ ਵਧ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਪੁਲਸ ਨੇ ਕੁਝ ਵਿਰੁੱਧ ਕੇਸ ਵੀ ਦਰਜ ਕੀਤਾ ਹੈ।