ਨਵੀਂ ਦਿੱਲੀ— ਰਾਜਧਾਨੀ ਦਿੱਲੀ ਵਿਚ ਪੂਰਬੀ ਦਿੱਲੀ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਅਤੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਲਾਪਤਾ ਹੋ ਜਾਣ ਦੇ ਥਾਂ-ਥਾਂ ਪੋਸਟਰ ਚਿਪਕਾਏ ਗਏ ਹਨ। ਇਹ ਪੋਸਟਰ ਆਈ. ਟੀ. ਓ. ਇਲਾਕੇ ਵਿਚ ਦਰੱਖਤਾਂ ਅਤੇ ਕੰਧਾਂ ‘ਤੇ ਚਿਪਕਾਏ ਗਏ ਹਨ। ਪੋਸਟਰ ‘ਤੇ ਲਿਖਿਆ ਗਿਆ ਹੈ, ”ਕੀ ਤੁਸੀਂ ਗੌਤਮ ਗੰਭੀਰ ਨੂੰ ਕਿਤੇ ਦੇਖਿਆ ਹੈ, ਆਖਰੀ ਵਾਰ ਇਨ੍ਹਾਂ ਨੂੰ ਇੰਦੌਰ ‘ਚ ਜਲੇਬੀ ਖਾਂਦੇ ਹੋਏ ਦੇਖਿਆ ਗਿਆ ਸੀ। ਉਦੋਂ ਤੋਂ ਹੀ ਲਾਪਤਾ ਹਨ ਪੂਰੀ ਦਿੱਲੀ ਇਨ੍ਹਾਂ ਨੂੰ ਲੱਭ ਰਹੀ ਹੈ।”
ਦੱਸਣਯੋਗ ਹੈ ਕਿ ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ 15 ਨਵੰਬਰ ਨੂੰ ਬੈਠਕ ਬੁਲਾਈ ਗਈ ਸੀ। ਇਸ ਬੈਠਕ ਵਿਚ ਗੌਤਮ ਗੰਭੀਰ ਨੂੰ ਵੀ ਸ਼ਾਮਲ ਹੋਣਾ ਸੀ ਪਰ ਉਹ ਇੰਦੌਰ ਵਿਚ ਸਨ। ਉਹ ਉੱਥੇ ਖੇਡੇ ਜਾ ਰਹੇ ਭਾਰਤ-ਬੰਗਲਾਦੇਸ਼ ਕ੍ਰਿਕਟ ਟੈਸਟ ਮੈਚ ਦੀ ਕਮੈਂਟਰੀ ਕਰਨ ਲਈ ਗਏ ਹੋਏ ਸਨ। ਇਸ ਦਰਮਿਆਨ ਸਾਬਕਾ ਕ੍ਰਿਕਟਰ ਲਕਸ਼ਮਣ ਨਾਲ ਜਲੇਬੀ ਅਤੇ ਪੋਹਾ ਖਾਂਦੇ ਹੋਏ ਉਨ੍ਹਾਂ ਦੀ ਤਸਵੀਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਗੌਤਮ ਦੇ ਪ੍ਰਦੂਸ਼ਣ ਨਾਲ ਸੰਬੰਧਤ ਉੱਚ ਪੱਧਰੀ ਬੈਠਕ ਵਿਚ ਗੈਰ-ਹਾਜ਼ਰ ਰਹਿਣ ਨੂੰ ਲੈ ਕੇ ਹਮਲਾ ਬੋਲਿਆ ਸੀ। ਜਿਸ ਨੂੰ ਲੈ ਕੇ ਗੌਤਮ ਗੰਭੀਰ ਵਿਰੁੱਧ ‘ਆਪ’ ਵਰਕਰਾਂ ਦਾ ਵਿਰੋਧ ਜਾਰੀ ਹੈ। ਪਾਰਟੀ ਨੇ ਕ੍ਰਿਕਟਰ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਪ੍ਰਦੂਸ਼ਣ ‘ਤੇ ਸਿਆਸਤ ਕਰਨ ਦੀ ਗੱਲ ਤਾਂ ਗੌਤਮ ਗੰਭੀਰ ਹਮੇਸ਼ਾ ਅੱਗੇ ਰਹਿੰਦੇ ਹਨ ਪਰ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਪਾਵਾਂ ਦੀ ਚਰਚਾ ‘ਚ ਨਹੀਂ ਆਏ।