ਮੁੰਬਈ — ਸ਼ਿਵ ਸੈਨਾ ਨੇ ਇਕ ਸਮੇਂ ਆਪਣੀ ਸਹਿਯੋਗੀ ਰਹੀ ਭਾਜਪਾ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਸ਼ਿਵ ਸੈਨਾ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਕਿਸੇ ਇਕ ਜਾਤੀ ਜਾਂ ਦਲ ਤਕ ਸੀਮਤ ਨਹੀਂ ਹਨ, ਸਗੋਂ ਉਹ ਮਹਾਰਾਸ਼ਟਰ ਦੇ 11 ਕਰੋੜ ਲੋਕਾਂ ਦੇ ਹਨ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਪਾਰਟੀ ਦੇ ਮੁੱਖ ਪੱਤਰ ‘ਸਾਮਨਾ’ ਵਿਚ ਆਪਣੇ ਹਫ਼ਤਾਵਾਰੀ ਲੇਖ ‘ਰੋਕ-ਟੋਕ’ ਵਿਚ ਕਿਹਾ, ”ਛਤਰਪਤੀ ਸ਼ਿਵਾਜੀ ਕਿਸੇ ਇਕ ਜਾਤੀ ਜਾਂ ਦਲ ਤਕ ਸੀਮਤ ਨਹੀਂ। ਉਹ ਮਹਾਰਾਸ਼ਟਰ ਦੇ 11 ਕਰੋੜ ਲੋਕਾਂ ਨਾਲ ਜੁੜੇ ਹਨ।” ਰਾਊਤ ਨੇ ਮਰਾਠਾ ਸਮਰਾਜ ਦੇ ਸੰਸਥਾਪਕ ਸ਼ਿਵਾਜੀ ‘ਤੇ ਕੇਂਦਰਿਤ ਚੋਣ ਪ੍ਰਚਾਰ ਮੁਹਿੰਮ ਲਈ ਭਾਜਪਾ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਕਿਹਾ, ”ਭਾਜਪਾ ਇਹ ਪ੍ਰਚਾਰ ਕਰ ਰਹੀ ਹੈ ਕਿ ਉਹ ਹੀ ਇਕਮਾਤਰ ਅਜਿਹੀ ਪਾਰਟੀ ਹੈ, ਜਿਸ ਨੂੰ ਸ਼ਿਵਾਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਹੈ। ਇਸ ਦੇ ਬਾਵਜੂਦ ਭਾਜਪਾ ਉਮੀਦਵਾਰ ਉਦੈ ਨਰਾਜੇ ਭੋਸਲੇ ਸਾਤਾਰਾ ਲੋਕ ਸਭਾ ਜ਼ਿਮਨੀ ਚੋਣਾਂ ਹਾਰ ਗਏ।
ਰਾਊਤ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਨੇ ਸਾਨੂੰ ਸਿਖਾਇਆ ਕਿ ਮਹਾਰਾਸ਼ਟਰ ਘਮੰਡ ਅਤੇ ਪਾਖੰਡ ਨੂੰ ਬਰਦਾਸ਼ਤ ਨਹੀਂ ਕਰਦਾ। ਜਦੋਂ ਲੋਕ ਸ਼ਿਵਾਜੀ ਮਹਾਰਾਜ ਦੇ ਨਾਮ ‘ਤੇ ਸਹੁੰ ਚੁੱਕਦੇ ਹਨ ਪਰ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਅਤੇ ਖੁਦ ਨੂੰ ਸੂਬੇ ਦਾ ਸ਼ਾਸਕਾਂ ਦੇ ਰੂਪ ਵਿਚ ਦੇਖਣ ਲੱਗਦੇ ਹਨ ਤਾਂ ਇਹ ਉਨ੍ਹਾਂ ਦੇ ਪਤਨ ਦਾ ਸੰਕੇਤ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਅਰਬ ਸਾਗਰ ਵਿਚ ਸ਼ਿਵਾਜੀ ਮੈਮੋਰੀਅਲ ‘ਤੇ ਕੰਮ ਸ਼ੁਰੂ ਵੀ ਨਹੀਂ ਕੀਤਾ ਹੈ, ਜਦਕਿ ਗੁਆਂਢੀ ਗੁਜਰਾਤ ‘ਚ ਉਸ ਦੀ ਸਰਕਾਰ ਨੇ ਸਰਦਾਰ ਪਟੇਲ ਦੀ ਮੂਰਤੀ ਦਾ ਨਿਰਮਾਣ ਦਾ ਕੰਮ ਪੂਰਾ ਕਰ ਲਿਆ।