ਨਵੀਂ ਦਿੱਲੀ—ਉਤਰ ਭਾਰਤ ਤੋਂ ਆਉਣ ਵਾਲੀਆਂ ਤੇਜ਼ ਅਤੇ ਠੰਡੀਆਂ ਹਵਾਵਾਂ ਨੇ ਦਿੱਲੀ ‘ਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਪਰ ਹੁਣ ਵੀ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਅੱਜ ਭਾਵ ਐਤਵਾਰ ਨੂੰ ਦਿੱਲੀ ਦੇ ਲੋਧੀ ਰੋਡ ਇਲਾਕੇ ‘ਚ ਪ੍ਰਦੂਸ਼ਣ ਦਾ ਪੱਧਰ 218 ਰਿਹਾ ਹੈ, ਜੋ ਕੱਲ ਦੇ ਮੁਕਾਬਲੇ ਕਾਫੀ ਘੱਟ ਹੈ। ਸ਼ਨੀਵਾਰ ਨੂੰ ਇੱਥੇ ਪ੍ਰਦੂਸ਼ਣ ਦਾ ਪੱਧਰ 500 ਤੱਕ ਪਹੁੰਚ ਗਿਆ ਸੀ। ਇਸ ਤੋਂ ਇਲਾਵਾ ਨੋਇਡਾ ਸੈਕਟਰ 62 ‘ਚ ਪ੍ਰਦੂਸ਼ਣ ਦਾ ਪੱਧਰ 221 ਦਰਜ ਕੀਤਾ ਗਿਆ, ਜੋ ਖਤਰਨਾਕ ਪੱਧਰ ‘ਚ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਨੋਇਡਾ ‘ਚ ਪ੍ਰਦੂਸ਼ਣ ਦਾ ਪੱਧਰ 400 ਤੋਂ ਪਾਰ ਪਹੁੰਚ ਗਿਆ ਸੀ।
ਦੱਸਣਯੋਗ ਹੈ ਕਿ ਉਤਰ ਭਾਰਤ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਦਿੱਲੀ ਦੇ ਜ਼ਿਆਦਾਤਰ ਤਾਪਮਾਨ ‘ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤੇਜ਼ੀ ਨਾਲ ਦਿੱਲੀ ਦਾ ਤਾਪਮਾਨ ਡਿੱਗਣ ਦੀ ਸੰਭਾਵਨਾ ਹੈ। ਇਸ ਤੋਂ ਠੰਡ ਵੀ ਵਧੇਗੀ। ਉੱਤਰ ਭਾਰਤ ਤੋਂ ਆਉਣ ਵਾਲੀਆਂ ਹਵਾਵਾਂ ਦੇ ਰੁਕਣ ਦੇ ਨਾਲ ਹੀ ਸੰਘਣਾ ਕੋਹਰਾ ਛਾਉਣ ਦੀ ਸੰਭਾਵਨਾ ਹੈ। ਅਜਿਹੇ ‘ਚ ਪ੍ਰਦੂਸ਼ਣ ਦਿੱਲੀ ‘ਚ ਇੱਕ ਵਾਰ ਫਿਰ ਪਰੇਸ਼ਾਨੀ ਬਣ ਸਕਦਾ ਹੈ।
ਸਕਾਈਮੇਟ ਦਾ ਕਹਿਣਾ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ‘ਚ ਜੋ ਕਮੀ ਆਈ ਹੈ, ਉਹ ਸਿਰਫ ਤੇਜ਼ ਹਵਾਵਾਂ ਕਾਰਨ ਹੈ। ਇਹ ਹਵਾਵਾਂ ਸਿਰਫ 18 ਨਵੰਬਰ ਤੱਕ ਚੱਲਣਗੀਆਂ। ਇਸ ਤੋਂ ਬਾਅਦ ਹਵਾਵਾਂ ਦੀ ਸਪੀਡ ਘੱਟ ਹੋਵੇਗੀ ਅਤੇ ਕੋਹਰਾ ਵੀ ਵੱਧ ਜਾਵੇਗਾ। ਸਕਾਈਮੇਟ ਨੇ 21 ਅਤੇ 22 ਨਵੰਬਰ ਨੂੰ ਸੰਘਣਾ ਕੋਹਰਾ ਛਾਉਣ ਦੀ ਸੰਭਾਵਨਾ ਜਤਾਈ ਹੈ।