ਬ੍ਰਿਸਬੇਨ – ਗੇਂਦ ਨਾਲ ਛੇੜਛਾੜ ਦੇ ਮਾਮਲੇ ‘ਚ ਇੱਕ ਸਾਲ ਦੀ ਪਾਬੰਦੀ ਝਲ ਚੁੱਕੇ ਸਟੀਵ ਸਮਿਥ ਨੂੰ ਇਸ ਤੋਂ ਕੋਈ ਸ਼ਿਕਾਇਤ ਨਹੀਂ ਹੈ ਕਿ ਵੈੱਸਟ ਇੰਡੀਜ਼ ਦੇ ਨਿਕੋਲਸ ਪੂਰਨ ਨੂੰ ਅਜਿਹੇ ਮਾਮਲੇ ‘ਚ ਕੇਵਲ ਚਾਰ ਮੈਚਾਂ ਲਈ ਹੀ ਪਾਬੰਦੀ ਝਲਣੀ ਹੋਵੇਗੀ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਭਾਰਤ ‘ਚ ਅਫ਼ਗ਼ਾਨਿਸਤਾਨ ਖ਼ਿਲਾਫ਼ ਇੱਕ ਵਨ-ਡੇ ਮੈਚ ‘ਚ ਗੇਂਦ ਦੀ ਹਾਲਤ ਬਦਲਣ ਦੇ ਦੋਸ਼ ‘ਚ ਪੂਰਨ ‘ਤੇ ਪਿਛਲੇ ਹਫ਼ਤੇ ਚਾਰ T-20 ਮੈਚਾਂ ਦੀ ਪਾਬੰਦੀ ਲਗਾਈ ਗਈ ਹੈ।
ਸਮਿਥ ਅਤੇ ਡੇਵਿਡ ਵਾਰਨਰ ਗੇਂਦ ਨਾਲ ਛੇੜਛਾੜ ਦੇ ਮਾਮਲੇ ‘ਚ ਇੱਕ ਸਾਲ ਅਤੇ ਕੈਮਰੂਨ ਬੈੱਨਕ੍ਰਾਫ਼ਟ ਨੌਂ ਮਹੀਨਿਆਂ ਦੀ ਪਾਬੰਦੀ ਝੱਲ ਚੁੱਕੇ ਹਨ। ਸਮਿਥ ਨੇ ਕਿਹਾ, ”ਹਰ ਕੋਈ ਅਲਗ ਹੈ। ਹਰ ਬੋਰਡ ਅਲਗ ਹੈ ਅਤੇ ਉਨ੍ਹਾਂ ਦਾ ਮਸਲਿਆਂ ਤੋਂ ਨਜਿੱਠਣ ਦਾ ਤਰੀਕਾ ਵੀ ਅਲਗ ਹੈ।” ਉਨ੍ਹਾਂ ਪਾਕਿਸਤਾਨ ਖ਼ਿਲਾਫ਼ ਇੱਥੇ ਹੋਣ ਵਾਲੇ ਟੈੱਸਟ ਤੋਂ ਪਹਿਲਾਂ ਕਿਹਾ, ”ਮੈਨੂੰ ਕੋਈ ਸ਼ਿਕਾਇਤ ਨਹੀਂ। ਹੁਣ ਇਹ ਬਹੁਤ ਪੁਰਾਣੀ ਗੱਲ ਹੋ ਚੁੱਕੀ ਹੈ। ਮੈਂ ਬੀਤੀਆਂ ਗੱਲਾਂ ਨੂੰ ਭੁਲਾ ਚੱਕਾ ਹਾਂ ਅਤੇ ਵਰਤਮਾਨ ‘ਤੇ ਫ਼ੋਕਸ ਕਰ ਰਿਹਾ ਹਾਂ।”