ਚੇਨੱਈ – ਸਟਾਰ ਵਿਕਟਕੀਪਰ ਬੱਲੇਬਾਜ਼ ਐੱਮ. ਐੱਸ. ਧੋਨੀ ਇਨ੍ਹੀਂ ਦਿਨੀਂ ਟੀਮ ਇੰਡੀਆ ਤੋਂ ਦੂਰ ਹੈ। ਵਰਲਡ ਕੱਪ 2019 ਦੇ ਬਾਅਦ ਤੋਂ ਹੀ ਧੋਨੀ ਨੇ ਕੋਈ ਵੀ ਮੁਕਾਬਲਾ ਨਹੀਂ ਖੇਡਿਆ। ਉਸ ਦੇ ਸੰਨਿਆਸ ਦੀਆਂ ਖ਼ਬਰਾਂ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ, ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਧੋਨੀ ਦਾ ਕ੍ਰਿਕਟ ਕਰੀਅਰ ਹੁਣ ਖ਼ਤਮ ਹੋ ਚੁੱਕਾ ਹੈ। ਟੀਮ ਇੰਡੀਆ ਨਾਲ ਉਸ ਦੀ ਦੂਰੀ ਤੋਂ ਬਾਅਦ ਹੁਣ ਧੋਨੀ ਦੇ IPL ਤੋਂ ਵੀ ਦੂਰੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ ਕਿ ਹੋ ਸਕਦੈ ਧੋਨੀ ਦੀ IPL ਤੋਂ ਛੁੱਟੀ ਹੋ ਜਾਵੇ। ਹਾਲਾਂਕਿ ਇਨ੍ਹਾਂ ਖ਼ਬਰਾਂ ਦਾ ਕੋਈ ਮਤਲਬ ਨਹੀਂ ਹੈ ਅਤੇ ਨਾ ਹੀ ਇਨ੍ਹਾਂ ਖ਼ਬਰਾਂ ‘ਚ ਕੋਈ ਸੱਚਾਈ ਹੈ ਕਿਉਂਕਿ IPL 2020 ਦੇ ਸੈਸ਼ਨ ਲਈ ਖਿਡਾਰੀਆਂ ਨੂੰ ਰਿਲੀਜ਼ ਕਰਨ ਦਾ ਸਮਾਂ ਖ਼ਤਮ ਹੋ ਗਿਆ ਹੈ। ਹੁਣ ਖਿਡਾਰੀਆਂ ਦੀ ਨੀਲਾਮੀ 19 ਦਸੰਬਰ ਨੂੰ ਕੋਲਕਾਤਾ ਵਿਖੇ ਹੋਵੇਗੀ।
ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਨੇ ਸਭ ਤੋਂ ਵਡੇਰੀ ਉਮਰ ਵਾਲੀ ਟੀਮ ਦੀ ਕਮਾਨ ਸੰਭਾਲਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੀ ਪ੍ਰਸਿੱਧੀ ਬੇਮਿਸਾਲ ਹੈ। ਕੁੱਝ ਦਿਨ ਪਹਿਲਾਂ ਇੱਕ ਯੂਜ਼ਰ ਨੇ ਆਪਣੇ ਕਰੀਬੀ ਸੂਤਰਾਂ ਦਾ ਹਵਾਲਾ ਦਿੰਦਿਆਂ ਇਹ ਜਾਣਕਾਰੀ ਦਿੱਤੀ ਸੀ ਜੋ ਹੁਣ ਵਾਇਰਲ ਹੋ ਰਹੀ ਹੈ। ਹਾਲਾਂਕਿ ਧੋਨੀ CSK ਦੇ ਨਾਲ ਹੀ ਰਹਿਣਗੇ ਕਿਉਂਕਿ ਹਾਲ ਹੀ ‘ਚ ਚੇਨੱਈ ਸੁਪਰ ਕਿੰਗਜ਼ ਵਲੋਂ ਰਿਲੀਜ਼ ਹੋਏ ਖਿਡਾਰੀਆਂ ਦੀ ਸੂਚੀ ਵਿੱਚ ਧੋਨੀ ਦਾ ਨਾਂ ਨਹੀਂ।