ਨਵੀਂ ਦਿੱਲੀ: ਕਾਂਗਰਸ ਨੇ ਸੋਮਵਾਰ ਨੂੰ ਕਿਹਾ ਹੈ ਕਿ ਮਹਾਰਾਸ਼ਟਰ ‘ਚ ਗਠਜੋੜ ਸਰਕਾਰ ਦੇ ਗਠਨ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ‘ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਅਤੇ ਸ਼ਿਵ ਸੈਨਾ ਨਾਲ ਪਾਰਟੀ ਨੇ ਆਪਣਾ ਪੱਖ ਰੱਖ ਦਿੱਤਾ ਹੈ। ਕਾਂਗਰਸ ਨੇ ਕਿਹਾ ਕਿ ਉਸ ਨੂੰ ਉਮੀਦ ਹੈ ਕਿ ਕੋਰਟ ‘ਚ ਲੋਕਤੰਤਰ ਦੀ ਜਿੱਤ ਹੋਵੇਗੀ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਤਿੰਨੋਂ ਦਲਾਂ ‘ਚ ਸੂਬੇ ‘ਚ ਸਰਕਾਰ ਬਣਾਉਣ ਲਈ ਸਹਿਮਤੀ ਹੈ ਅਤੇ ਸਰਕਾਰ ਦੇ ਗਠਨ ਲਈ ਬਹੁਮਤ ਤੋਂ ਜ਼ਿਆਦਾ 154 ਵਿਧਾਇਕਾਂ ਦੇ ਦਸਤਖਤ ਵਾਲੇ ਸਹੁੰ ਪੱਤਰ ਵੀ ਹਨ, ਜਿਨ੍ਹਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਹੈ।
ਸੂਬਾ ਵਿਧਾਨ ਸਭਾ ਵਿਚ ਬਹੁਮਤ ਲਈ 145 ਵਿਧਾਇਕਾਂ ਦੀ ਲੋੜ ਹੈ ਪਰ ਗਠਜੋੜ ਕੋਲ 154 ਵਿਧਾਇਕ ਹਨ। ਉਨ੍ਹਾਂ ਨੇ ਕਿਹਾ ਕਿ ਕੋਰਟ ਨੇ ਦੋਹਾਂ ਪੱਖਾਂ ਦੀ ਬਹਿਸ ਸੁਣ ਕੇ ਆਪਣਾ ਫੈਸਲਾ ਮੰਗਲਵਾਰ ਸਵੇਰ ਤਕ ਲਈ ਸੁਰੱਖਿਅਤ ਰੱਖ ਲਿਆ ਹੈ ਅਤੇ ਉਨ੍ਹਾਂ ਦੇ ਗਠਜੋੜ ਨੂੰ ਪੂਰਾ ਭਰੋਸਾ ਹੈ ਕਿ ਕੋਰਟ ‘ਚ ਮਹਾਰਾਸ਼ਟਰ ‘ਤੇ ਸਿਆਸੀ ਸੰਕਟ ਨੂੰ ਲੈ ਕੇ ਲੋਕਤੰਤਰ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਰਟ ਨੇ ਇਸ ਤੋਂ ਪਹਿਲਾਂ ਉੱਤਰਾਖੰਡ ਅਤੇ ਕਰਨਾਟਕ ‘ਚ 24 ਘੰਟਿਆਂ ਦੇ ਅੰਦਰ ਸਦਨ ਵਿਚ ਬਹੁਮਤ ਸਾਬਤ ਕਰਨ ਦਾ ਜਿਸ ਤਰ੍ਹਾਂ ਨਾਲ ਫੈਸਲਾ ਦਿੱਤਾ ਸੀ, ਉਸ ਤਰ੍ਹਾਂ ਦਾ ਫੈਸਲਾ ਮਹਾਰਾਸ਼ਟਰ ਦੇ ਮਾਮਲੇ ‘ਚ ਵੀ ਆਵੇਗਾ ਅਤੇ ਉੱਥੇ ਵੀ ਲੋਕਤੰਤਰ ਦੀ ਜਿੱਤ ਹੋਵੇਗੀ।