ਡਾਲਟਨਗੰਜ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਝਾਰਖੰਡ ਦੇ ਡਾਲਟਨਗੰਜ ‘ਚ ਆਪਣੀ ਪਹਿਲੀ ਚੋਣਾਵੀ ਰੈਲੀ ਨੂੰ ਸੰਬੋਧਨ ਕੀਤਾ। ਝਾਰਖੰਡ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਦੀ ਧਾਰਾ-370 ਅਤੇ ਅਯੁੱਧਿਆ ਵਿਵਾਦ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਜਪਾ ਜੋ ਵਾਅਦੇ ਕਰਦੀ ਹੈ, ਉਨ੍ਹਾਂ ਨੂੰ ਪੂਰਾ ਕਰਦੀ ਹੈ, ਜਦਕਿ ਬਾਕੀ ਦਲ ਸਮੱਸਿਆਵਾਂ ਨੂੰ ਲਟਕਾਏ ਰੱਖ ਕੇ ਆਪਣਾ ਵੋਟ ਬੈਂਕ ਸਾਧਦੇ ਹਨ। ਇਸ ਤੋਂ ਪਹਿਲਾਂ 21 ਨਵੰਬਰ ਨੂੰ ਝਾਰਖੰਡ ‘ਚ ਹੋਈ ਆਪਣੀ ਪਹਿਲੀ ਚੋਣਾਵੀ ਸਭਾ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਰਾਮ ਮੰਦਰ ਦਾ ਜ਼ਿਕਰ ਕੀਤਾ ਸੀ।
ਕਾਂਗਰਸ ਨੇ ਲਟਕਾਇਆ ਰਾਮ ਜਨਮਭੂਮੀ ਵਿਵਾਦ
ਪੀ.ਐੱਮ. ਮੋਦੀ ਨੇ ਕਿਹਾ,”ਭਾਜਪਾ ਨੇ ਜੋ ਵੀ ਵਾਅਦੇ ਅਤੇ ਐਲਾਨ ਕੀਤੇ ਹਨ, ਉਨ੍ਹਾਂ ਨੂੰ ਅਸੀਂ ਇਕ ਤੋਂ ਇਕ ਜ਼ਮੀਨ ‘ਤੇ ਉਤਾਰ ਰਹੇ ਹਾਂ। ਭਾਵੇਂ ਉਹ ਕਿੰਨੇ ਮੁਸ਼ਕਲ ਰਹੇ ਹੋਣ। ਦੂਜਿਆਂ ਕੋਲ ਸਮੱਸਿਆਵਾਂ ਹਨ, ਸਾਡੇ ਕੋਲ ਹਲ ਹੈ।” ਮੋਦੀ ਨੇ ਅੱਗੇ ਕਿਹਾ,”ਕਾਂਗਰਸ ਦੇ ਕੰਮ ਕਰਨ ਦਾ ਤਰੀਕਾ ਸਮੱਸਿਆਵਾਂ ਟਾਲਣ ਅਤੇ ਉਨ੍ਹਾਂ ‘ਤੇ ਵੋਟ ਮੰਗਣ ਦਾ ਰਿਹਾ ਹੈ। ਕਾਂਗਰਸ ਨੇ ਇਸ ਲਈ ਧਾਰਾ-370 ਦਾ ਮਸਲਾ ਲਟਕਾਏ ਰੱਖਿਆ। ਭਗਵਾਨ ਰਾਮ ਦੀ ਜਨਮ ਭੂਮੀ ਦਾ ਵਿਵਾਦ ਵੀ ਇਨ੍ਹਾਂ ਲੋਕਾਂ ਨੇ ਦਹਾਕਿਆਂ ਤੋਂ ਲਟਕਾਇਆ ਹੋਇਆ ਸੀ। ਕਾਂਗਰਸ ਚਾਹੁੰਦੀ ਤਾਂ ਹੱਲ ਕੱਢ ਸਕਦੀ ਸੀ ਪਰ ਉਸ ਨੇ ਅਜਿਹਾ ਨਾ ਕਰ ਕੇ ਆਪਣੇ ਵੋਟ ਬੈਂਕ ਦੀ ਪਰਵਾਹ ਕੀਤੀ। ਦੇਸ਼ ਅਤੇ ਸਮਾਜ ਦਾ ਨੁਕਸਾਨ ਕੀਤਾ।”
ਭਾਜਪਾ ਨੇ ਸਮਾਜਿਕ ਨਿਆਂ ਦੇ 5 ਸੂਤਰਾਂ ‘ਤੇ ਕੰਮ ਕੀਤਾ
ਪ੍ਰਦੇਸ਼ ‘ਚ ਸੱਤਾਧਾਰੀ ਭਾਜਪਾ ਸਰਕਾਰ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ,”ਭਾਜਪਾ ਸਰਕਾਰ ਨੇ ਨਵੇਂ ਝਾਰਖੰਡ ਲਈ ਸਮਾਜਿਕ ਨਿਆਂ ਦੇ 5 ਸੂਤਰਾਂ ‘ਤੇ ਕੰਮ ਕੀਤਾ ਹੈ। ਪਹਿਲਾ ਸੂਤਰ ਹੈ- ਸਥਿਰਤਾ, ਦੂਜਾ ਸੂਤਰ ਹੈ- ਸੁਸ਼ਾਸਨ, ਤੀਜਾ ਸੂਤਰ ਹੈ- ਖੁਸ਼ਹਾਲੀ ਅਤੇ ਚੌਥਾ ਸੂਤਰ ਹੈ- ਸਨਮਾਨ ਤੇ ਪੰਜਵਾ ਸੂਤਰ ਹੈ- ਸੁਰੱਖਿਆ।” ਨਰਿੰਦਰ ਮੋਦੀ ਦਾ ਕਹਿਣਾ ਸੀ ਕਿ ਭਾਜਪਾ ਨੇ ਝਾਰਖੰਡ ਨੂੰ ਸਥਿਰ ਸਰਕਾਰ ਦਿੱਤੀ ਹੈ। ਝਾਰਖੰਡ ‘ਚ ਭ੍ਰਿਸ਼ਟਾਚਾਰ ਖਤਮ ਕਰਨ ਲਈ ਦਿਨ-ਰਾਤ ਕੰਮ ਕੀਤਾ ਹੈ ਅਤੇ ਪਾਰਦਰਸ਼ੀ ਵਿਵਸਥਾਵਾਂ ਬਣਾਈਆਂ ਹਨ। ਇਸ ਤਰ੍ਹਾਂ ਭਾਜਪਾ ਨੇ ਝਾਰਖੰਡ ‘ਚ ਖੁਸ਼ਹਾਲੀ ਦਾ ਮਾਰਗ ਖੋਲ੍ਹਿਆ ਹੈ।
ਝਾਰਖੰਡ ‘ਚ ਨਕਸਲਵਾਦ ਤੋਂ ਮੁਕਤੀ ਦਿਵਾਉਣ ਦੀ ਕੋਸ਼ਿਸ਼
ਮੋਦੀ ਨੇ ਝਾਰਖੰਡ ‘ਚ ਨਕਸਲ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕਿਹਾ,”ਭਾਜਪਾ ਨੇ ਝਾਰਖੰਡ ਨੂੰ ਨਕਸਲਵਾਦ ਅਤੇ ਅਪਰਾਧ ਤੋਂ ਮੁਕਤੀ ਦਿਵਾਉਣ ਲਈ, ਡਰ ਮੁਕਤ ਵਾਤਾਵਰਣ ਲਈ ਕੋਸ਼ਿਸ਼ ਕੀਤੀ ਹੈ। ਝਾਰਖੰਡ ‘ਚ ਨਕਸਲਵਾਦ ਦੀ ਸਮੱਸਿਆ ਇਸ ਲਈ ਬੇਕਾਬੂ ਹੋਈ, ਕਿਉਂਕਿ ਇੱਥੇ ਸਿਆਸੀ ਅਸਥਿਰਤਾ ਸੀ। ਇੱਥੇ ਸਰਕਾਰ ਪਿਛਲੇ ਦਰਵਾਜ਼ੇ ਤੋਂ ਬਣਦੀਆਂ ਅਤੇ ਵਿਗੜ ਜਾਂਦੀਆਂ ਸਨ, ਕਿਉਂਕਿ ਉਨ੍ਹਾਂ ਦੇ ਮੂਲ ‘ਚ ਸਵਾਰਥ ਅਤੇ ਭ੍ਰਿਸ਼ਟਾਚਾਰ ਹੁੰਦਾ ਸੀ।
ਗਰੀਬ ਪਰਿਵਾਰ 2020 ਤੱਕ ਮਿਲੇਗਾ ਪੱਕਾ ਘਰ
ਮੋਦੀ ਨੇ ਕਿਹਾ,”ਅੱਜ ਦੇਸ਼ ‘ਚ ਹਰ ਗਰੀਬ ਪਰਿਵਾਰ ਨੂੰ ਆਪਣਾ ਪੱਕਾ ਘਰ ਮਿਲ ਰਿਹਾ ਹੈ। ਜਿਨ੍ਹਾਂ ਨੂੰ ਹਾਲੇ ਨਹੀਂ ਮਿਲਿਆ ਹੈ, ਉਨ੍ਹਾਂ ਨੂੰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, 2022 ‘ਚ ਜਦੋਂ ਆਜ਼ਾਦੀ ਦੇ 75 ਸਾਲ ਹੋਣਗੇ ਤਾਂ ਕੋਈ ਅਜਿਹਾ ਪਰਿਵਾਰ ਨਹੀਂ ਹੋਵੇਗਾ, ਜਿਸ ਦਾ ਆਪਣਾ ਪੱਕਾ ਘਰ ਨਹੀਂ ਹੋਵੇਗਾ।”
5 ਲੱਖ ਤੱਕ ਦਾ ਮੁਫ਼ਤ ਇਲਾਜ
ਪੀ.ਐੱਮ. ਮੋਦੀ ਨੇ ਕਿਹਾ,”ਹਰ ਗਰੀਬ ਪਰਿਵਾਰ ਨੂੰ ਆਯੂਸ਼ਮਾਨ ਯੋਜਨਾ ਦੇ ਅਧੀਨ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮਿਲ ਰਿਹਾ ਹੈ। ਝਾਰਖੰਡ ਲਈ ਇਹ ਮਾਣ ਦੀ ਗੱਲ ਹੈ ਕਿ ਪੂਰੇ ਦੇਸ਼ ਨੂੰ ਆਯੂਸ਼ਮਾਨ ਬਣਾਉਣ ਲਈ ਸ਼ੁਰੂ ਕੀਤੀ ਗਈ ਇਤਿਹਾਸਕ ਆਯੂਸ਼ਮਾਨ ਯੋਜਨਾ ਦੀ ਸ਼ੁਰੂਆਤ ਝਾਰਖੰਡ ਤੋਂ ਹੀ ਕੀਤੀ ਗਈ ਸੀ।”
ਕੇਂਦਰ ਤੇ ਰਾਜ ਦੀਆਂ ਯੋਜਨਾਵਾਂ ਦਾ ਡਬਲ ਲਾਭ ਮਿਲ ਰਿਹਾ
ਮੋਦੀ ਨੇ ਕਿਹਾ,”ਝਾਰਖੰਡ ਨੂੰ ਕੇਂਦਰ ਅਤੇ ਰਾਜ ਦੀਆਂ ਯੋਜਨਾਵਾਂ ਦਾ ਡਬਲ ਲਾਭ ਮਿਲ ਰਿਹਾ ਹੈ। ਗਰੀਬ ਤੋਂ ਗਰੀਬ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ, ਜਿਸ ਦਾ ਲਾਭ ਦੇਸ਼ ਦੇ 8 ਕਰੋੜ ਪਰਿਵਾਰਾਂ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਝਾਰਖੰਡ ਦੇ 33 ਲੱਖ ਅਤੇ ਪਲਾਮੂ ਦੇ 50 ਹਜ਼ਾਰ ਪਰਿਵਾਰਾਂ ਨੂੰ ਦੂਜਾ ਸਿਲੰਡਰ ਰਾਜ ਸਰਕਾਰ ਨੇ ਮੁਫ਼ਤ ਦਿੱਤਾ ਹੈ।”
ਕਿਸਾਨ ਦੀ ਮਿਹਨਤ ਤੇ ਸੁਪਨੇ ਭਾਜਪਾ ਸਮਝਦੀ ਹੈ
ਨਰਿੰਦਰ ਮੋਦੀ ਨੇ ਕਿਹਾ,”ਉੱਤਰ ਕੋਇਲ ਜਲਾਸ਼ਯ ਯੋਜਨਾ ਕਰੀਬ 40 ਸਾਲਾਂ ਤੋਂ ਅਟਕੀ ਹੋਈ ਸੀ। ਉਦੋਂ ਜੋ ਸੱਤਾ ‘ਚ ਸਨ, ਉਨ੍ਹਾਂ ਨੇ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਕਦੇ ਗੰਭੀਰ ਕੋਸ਼ਿਸ਼ ਹੀ ਨਹੀਂ ਕੀਤੀ। ਸਾਲਾਂ ਤੱਕ ਪਲਾਮੂ, ਲਾਤੇਹਾਰ ਅਤੇ ਗੜ੍ਹਵਾ ਦੇ ਲੱਖਾਂ ਕਿਸਾਨ ਪਰੇਸ਼ਾਨ ਰਹੇ ਪਰ ਕਾਂਗਰਸ ਅਤੇ ਉਸ ਦੇ ਸਾਥੀ ਦਲਾਂ ਨੇ ਉਨ੍ਹਾਂ ਦੀ ਚਿੰਤਾ ਨਹੀਂ ਕੀਤੀ। ਕਿਸਾਨ ਦੀ ਮਿਹਨਤ, ਸੁਪਨੇ ਅਤੇ ਉਸ ਦਾ ਮਾਣ ਕੀ ਹੁੰਦਾ ਹੈ, ਇਹ ਭਾਜਪਾ ਸਮਝਦੀ ਹੈ।”