ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਦਿੱਲੀ ਦੇ ਤੁਗਲਾਕਾਬਾਦ ‘ਚ ਰਵਿਦਾਸ ਮੰਦਰ ਦੇ ਮਾਮਲੇ ‘ਚ ਆਪਣਾ ਆਦੇਸ਼ ਸਪੱਸ਼ਟ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਮੰਦਰ ਦੇ ਮੁੜ ਨਿਰਮਾਣ ਲਈ ਪੱਕੇ ਨਿਰਮਾਣ ਦਾ ਹੀ ਆਦੇਸ਼ ਜਾਰੀ ਕੀਤਾ ਗਿਆ ਹੈ। ਹਰਿਆਣਾ ਕਾਂਗਰਸ ਦੇ ਨੇਤਾ ਅਸ਼ੋਕ ਤੰਵਰ ਅਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਦੀ ਪਟੀਸ਼ਨ ‘ਤੇ ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਪਣੇ ਆਦੇਸ਼ ਦਾ ਸਪੱਸ਼ਟੀਕਰਨ ਦਿੱਤਾ। ਬੈਂਚ ਨੇ ਇਸ ਤੋਂ ਬਾਅਦ ਸਪੱਸ਼ਟ ਕੀਤਾ ਕਿ ਉਸ ਦਾ 21 ਅਕਤੂਬਰ ਨੂੰ ਦਿੱਤਾ ਗਿਆ ਮੰਦਰ ਦੇ ਨਿਰਮਾਣ ਦਾ ਆਦੇਸ਼ ਪੱਕੇ ਨਿਰਮਾਣ ਲਈ ਹੀ ਸੀ।
ਸ਼੍ਰੀ ਤੰਵਰ ਵਲੋਂ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਦਲੀਲ ਦਿੱਤੀ ਅਤੇ ਆਦੇਸ਼ ਦੇ ਸਪੱਸ਼ਟੀਕਰਨ ਦੀ ਕੋਰਟ ਤੋਂ ਅਪੀਲ ਕੀਤੀ। ਦੱਸਣਯੋਗ ਹੈ ਕਿ 21 ਅਕਤੂਬਰ ਨੂੰ ਕੋਰਟ ਨੇ ਇਕ ਅਹਿਮ ਆਦੇਸ਼ ਜਾਰੀ ਕਰਦੇ ਹੋਏ ਉਸੇ ਜਗ੍ਹਾ ‘ਤੇ ਮੰਦਰ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਦੇ ਆਦੇਸ਼ ‘ਤੇ ਹੀ ਗੁਰੂ ਰਵਿਦਾਸ ਮੰਦਰ ਨੂੰ ਢਾਹਿਆ ਗਿਆ ਸੀ। ਉਸ ਨੇ 9 ਅਗਸਤ ਨੂੰ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਨੂੰ ਢਾਂਚਾ ਸੁੱਟਣ ਦਾ ਨਿਰਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਦੇ ਨਿਰਦੇਸ਼ ‘ਤੇ ਕਾਰਵਾਈ ਕਰਦੇ ਹੋਏ ਡੀ.ਡੀ.ਏ. ਨੇ 10 ਅਗਸਤ ਨੂੰ ਮੰਦਰ ਢਾਹ ਦਿੱਤਾ ਸੀ।