ਅੰਮ੍ਰਿਤਸਰ : ਅਕਾਲੀ ਦਲ ਵਲੋਂ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਦਰਅਸਲ ਮਨਦੀਪ ਸਿੰਘ ਮੰਨਾ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ ਸੀ, ਜਿਸ ਵਿਚ ਉਨ੍ਹਾਂ ਨੇ ਐੱਸ. ਜੀ. ਪੀ. ਸੀ. ‘ਤੇ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਗੁਰੂ ਘਰ ਦੇ ਲੰਗਰ ਲਈ ਆ ਰਹੇ ਦੇਸੀ ਘਿਓ ਵਿਚ ਘਪਲਾ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਨੇ ਸ੍ਰੀ ਅਕਾਲ ਤਖਤ ਨੂੰ ਮੰਗ ਪੱਤਰ ਸੌਂਪਦੇ ਹੋਏ ਮੰਨਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੰਨਾ ਇਕ ਪੁਰਨ ਸਿੱਖ ਨਹੀਂ ਹੈ ਅਤੇ ਉਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਬਿਨਾਂ ਸਬੂਤ ਦੇ ਅਜਿਹੇ ਦੋਸ਼ ਲਗਾ ਕੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰੇ। ਉਨ੍ਹਾਂ ਕਿਹਾ ਕਿ ਜਿਹੜੇ ਵੀ ਦੋਸ਼ ਮੰਨਾ ਵਲੋਂ ਲਗਾਏ ਗਏ ਹਨ, ਇਹ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਾ ‘ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਮੰਨਾ ਖਿਲਾਫ ਇਕ ਮੰਗ ਪੱਤਰ ਆਇਆ ਹੈ ਅਤੇ ਇਸ ਨੂੰ ਸਿੰਘ ਸਾਹਿਬ ਨੂੰ ਦਿੱਤਾ ਜਾਵੇਗਾ ਅਤੇ ਇਸ ‘ਤੇ ਵਿਚਾਰ ਕੀਤਾ ਜਾਵੇਗਾ।