ਜਲੰਧਰ— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਕੱਲ ਕੀਤੀ ਗਈ, ਜਿਸ ‘ਚ ਮੁੜ ਗੋਬਿੰਦ ਸਿੰਘ ਲੌਂਗੋਵਾਲ ਨੂੰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਦੇ ਅਹੁਦੇ ਲਈ ਚੁਣਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਲੰਬੇ ਅਰਸੇ ਤੋਂ ਬਾਅਦ ਦੋਆਬੇ ਨੂੰ ਅਹਿਮ ਪ੍ਰਤੀਨਿਧਤਾ ਮਿਲੀ ਹੈ। ਜਨਰਲ ਸਕੱਤਰ ਵਰਗੇ ਅਹਿਮ ਅਹੁਦੇ ਤੋਂ ਇਲਾਵਾ ਜੂਨੀਅਰ ਮੀਤ ਪ੍ਰਧਾਨ ਦਾ ਅਹੁਦਾ ਵੀ ਦੋਆਬੇ ਦੀ ਝੋਲੀ ‘ਚ ਹੀ ਪਿਆ ਹੈ। ਹਾਲਾਂਕਿ ਪਿਛਲੇ ਸਮੇਂ ਦੌਰਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਦੋਆਬੇ ਨੂੰ ਮਾਣ ਸਤਿਕਾਰ ਦਿੱਤਾ ਗਿਆ ਸੀ ਪਰ ਪ੍ਰਮੁੱਖ ਅਹੁਦੇ ਲੰਬੇ ਸਮੇਂ ਬਾਅਦ ਹੀ ਦੋਆਬੇ ਨੂੰ ਮਿਲੇ ਹਨ।
ਦੱਸਣਯੋਗ ਹੈ ਕਿ ਮਰਹੂਮ ਜਥੇਦਾਰ ਕੁਲਦੀਪ ਸਿੰਘ ਵਡਾਲਾ, ਭਾਈ ਵੀਰ ਸਿੰਘ ਅਤੇ ਸੁਖਦੇਵ ਸਿੰਘ ਭੌਰ ਤੋਂ ਬਾਅਦ ਜਨਰਲ ਸਕੱਤਰ ਦਾ ਅਹੁਦਾ ਹੁਸ਼ਿਆਰਪੁਰ ਜ਼ਿਲੇ ਨਾਲ ਸੰਬੰਧਤ ਹਰਜਿੰਦਰ ਸਿੰਘ ਧਾਮੀ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ਨਾਲ ਸੰਬੰਧ ਰੱਖਣ ਵਾਲੇ ਗੁਰਬਖਸ਼ ਸਿੰਘ ਖਾਲਸਾ ਨੂੰ ਮੀਤ ਪ੍ਰਧਾਨ ਬਣਾ ਕੇ ਪਾਰਟੀ ‘ਚ ਪੈਦਾ ਹੋਏ ਖਲਾਅ ਨੂੰ ਹੀ ਪੂਰਾ ਕਰਨ ਦਾ ਯਤਨ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋਆਬੇ ‘ਚ ਆਪਣੇ ਲੜਖੜਾਉਂਦੇ ਪੈਰਾਂ ਨੂੰ ਪੱਕੇ ਕਰਨ ਅਤੇ ਪਾਰਟੀ ਨੂੰ ਲੱਗ ਰਹੇ ਖੋਰੇ ਨੂੰ ਠੱਲ੍ਹਣ ਲਈ ਇਹ ਦਾਅ ਖੇਡਿਆ ਗਿਆ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਆਬੇ ਦੀਆਂ 23 ਵਿਧਾਨ ਸਭਾ ਸੀਟਾਂ ‘ਚੋਂ ਸਿਰਫ 6 ਸੀਟਾਂ ‘ਤੇ ਹੀ ਜਿੱਤ ਨਸੀਬ ਹੋਈ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਨਾਲ ਨਾ ਸਿਰਫ ਦੋਵੇਂ ਪਾਰਟੀਆਂ ਦੇ ਹੱਥੋਂ ਸੱਤਾ ਜਾਂਦੀ ਰਹੀ ਸਗੋਂ ਦੋਆਬੇ ‘ਚ ਅਕਾਲੀ ਦਲ ਦਾ ਆਧਾਰ ਵੀ ਕਾਫੀ ਸਮੇਂ ਤੱਕ ਹੋਰਨਾਂ ਪਾਰਟੀਆਂ ਵੱਲ ਖਿਸਕ ਗਿਆ ਸੀ।
ਖਾਸ ਕਰਕੇ ਹੁਸ਼ਿਆਰਪੁਰ ‘ਚ ਤਾਂ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਸੀ ਮਿਲੀ ਅਤੇ ਜਨਰਲ ਸਕੱਤਰ ਬਣਾ ਕੇ ਪਾਰਟੀ ਹਾਈਕਮਾਨ ਵੱਲੋਂ ਪਾਰਟੀ ਨੂੰ ਸਰਗਰਮ ਕਰਨ ਦਾ ਯਤਨ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਬਖਸ਼ ਸਿੰਘ ਖਾਲਸਾ ਨੂੰ ਅੱਗੇ ਲਿਆ ਕੇ ਵੀ ਪਾਰਟੀ ਦੋਆਬੇ ‘ਚ ਆਪਣਾ ਜਨ ਆਧਾਰ ਮਜ਼ਬੂਤ ਕਰਨ ਅਤੇ ਰਮਦਾਸੀਆ ਭਾਈਚਾਰਾ ਜੋ ਕਿਸੇ ਨਾ ਕਿਸੇ ਵਜ੍ਹਾ ਕਰਕੇ ਪਾਰਟੀ ਤੋਂ ਨਾਰਾਜ਼ ਚੱਲਿਆ ਆ ਰਿਹਾ ਸੀ, ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਚਾਰ ਦਹਾਕਿਆਂ ਤੋਂ ਬਾਅਦ ਰਮਦਾਸੀਆ ਭਾਈਚਾਰੇ ਨੂੰ ਅਹਿਮ ਅਹੁਦਾ ਦਿੱਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਭਾਈਚਾਰੇ ਦੇ ਜਥੇਦਾਰ ਪਿਆਰਾ ਸਿੰਘ ਪਧਿਆਣਾ ਵੱਲੋਂ ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ‘ਤੇ ਸੇਵਾ ਨਿਭਾਈ ਗਈ ਸੀ।