ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਆਗਾਮੀ ਸਾਲਾਨਾ ਬੈਠਕ (AGM) ਵਿੱਚ ਅਧਿਕਾਰੀਆਂ ਦੇ 70 ਸਾਲ ਦੀ ਉਮਰ ਸੀਮਾ ‘ਚ ਬਦਲਾਅ ਬਾਰੇ ਵਿਚਾਰ ਨਹੀਂ ਕੀਤਾ ਜਾਵੇਗਾ, ਪਰ ਕੂਲਿੰਗ ਔਫ਼ (ਦੋ ਕਾਰਜਕਾਲਾਂ ਤੋਂ ਬਾਅਦ ਆਰਾਮ ਦਾ ਸਮਾਂ) ਦੇ ਨਿਯਮ ਨੂੰ ਬਦਲਣ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਨਾਲ ਅਧਿਕਾਰੀਆਂ ਦੇ ਤਜਰਬੇ ਦਾ ਸਹੀ ਫ਼ਾਇਦਾ ਉਠਾਇਆ ਜਾ ਸਕੇਗਾ।
ਸੌਰਵ ਗਾਂਗੁਲੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ AGM ਲਈ ਜਾਰੀ ਕਾਰਜਸੂਚੀ ਵਿੱਚ ਬੋਰਡ ਨੇ ਮੌਜੂਦਾ ਸੰਵਿਧਾਨ ਵਿੱਚ ਮਹੱਤਵਪੂਰਨ ਬਦਲਾਅ ਕਰਨ ਦੀ ਪੇਸ਼ਕਸ਼ ਕੀਤੀ ਹੈ ਜਿਸ ਨਾਲ ਸੁਪਰੀਮ ਕੋਰਟ ਵਲੋਂ ਨਿਯੁਕਤ ਲੋਢਾ ਕਮੇਟੀ ਦੀਆਂ ਸਿਫ਼ਾਰਿਸ਼ਾਂ ‘ਤੇ ਆਧਾਰਿਤ ਸੁਧਾਰਾਂ ‘ਤੇ ਅਸਰ ਪਵੇਗਾ। ਸੁਪਰੀਮ ਕੋਰਟ ਵਲੋਂ ਮਨਜ਼ੂਰ ਨਵੇਂ ਕਾਨੂੰਨ ਮੁਤਾਬਿਕ BCCI ਜਾਂ ਸੂਬਾ ਸੰਘਾਂ ਵਿੱਚ ਤਿੰਨ ਸਾਲ ਦੇ ਕਾਰਜਕਾਲ ਨੂੰ ਦੋ ਵਾਰ ਪੂਰਾ ਕਰਨ ਵਾਲੇ ਅਧਿਕਾਰੀ ਨੂੰ ਤਿੰਨ ਸਾਲ ਤਕ ਕੂਲਿੰਗ ਔਫ਼ ਪੀਰੀਅਡ ਵਿੱਚ ਰਹਿਣਾ ਹੋਵੇਗਾ।
ਬੋਰਡ ਅਤੇ ਸੂਬਾ ਸੰਘਾਂ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਜੋੜਨਾ ਚਾਹੀਦਾ
BCCI ਦੇ ਨਵੇਂ ਅਧਿਕਾਰੀ ਚਾਹੁੰਦੇ ਹਨ ਕਿ ਕੂਲਿੰਗ ਔਫ਼ ਪੀਰੀਅਡ ਦਾ ਨਿਯਮ ਉਨ੍ਹਾਂ ਲੋਕਾਂ ‘ਤੇ ਲਾਗੂ ਹੋਵੇ ਜਿਨ੍ਹਾਂ ਨੇ ਬੋਰਡ ਜਾਂ ਸੂਬਾ ਸੰਘ ਵਿੱਚ 3-3 ਸਾਲ ਦੇ ਦੋ ਕਾਰਜਕਾਲ ਪੂਰੇ ਕੀਤੇ ਹੋਣ। ਮਤਲਬ ਬੋਰਡ ਅਤੇ ਸੂਬਾ ਸੰਘ ਦੇ ਕਾਰਜਕਾਲ ਨੂੰ ਇਕੱਠੇ ਨਹੀਂ ਜੋੜਨਾ ਚਾਹੀਦਾ। ਧੂਮਲ ਨੇ ਮੀਡੀਆ ਨੂੰ ਕਿਹਾ, ”ਅਸੀਂ ਉਮਰ ਦੀ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ। ਉਸ ਨੂੰ ਪਹਿਲਾਂ ਦੀ ਤਰ੍ਹਾਂ ਹੀ ਰਹਿਣ ਦਿੱਤਾ ਹੈ। ਕੂਲਿੰਗ ਔਫ਼ ਪੀਰੀਅਡ ਦੇ ਮਾਮਲੇ ਵਿੱਚ ਸਾਡਾ ਮੰਨਣਾ ਇਹ ਹੈ ਕਿ ਜੇਕਰ ਕਿਸੇ ਨੇ ਸੂਬਾ ਸੰਘ ਵਿੱਚ ਕੰਮ ਦਾ ਤਜਰਬਾ ਹਾਸਿਲ ਕੀਤਾ ਹੈ ਤਾਂ ਉਸ ਤਜਰਬੇ ਦਾ ਫ਼ਾਇਦਾ ਖੇਡ ਦੇ ਹਿੱਤ ਵਿੱਚ ਹੋਣਾ ਚਾਹੀਦਾ ਹੈ। ਜੇਕਰ ਉਹ BCCI ਲਈ ਯੋਗਦਾਨ ਦੇ ਸਕਦਾ ਹੈ ਤਾਂ ਉਸ ਨੂੰ ਅਜਿਹਾ ਕਰਨਾ ਚਾਹੀਦਾ ਹੈ। ਸੂਬਾ ਸੰਘ ਵਿੱਚ ਦੋ ਕਾਰਜਕਾਲ ਪੂਰਨ ਕਰਨ ਤੋਂ ਬਾਅਦ ਜੇਕਰ ਕਿਸੇ ਦਾ ਕੂਲਿੰਗ ਔਫ਼ ਪੀਰੀਅਡ 67 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦਾ ਹੈ ਤਾਂ ਇਸ ਅੰਤਰਾਲ ਦੇ ਖ਼ਤਮ ਹੋਣ ਤਕ ਉਹ 70 ਸਾਲ ਦਾ ਹੋ ਜਾਵੇਗਾ ਅਤੇ BCCI ਲਈ ਯੋਗਦਾਨ ਨਹੀਂ ਦੇ ਸਕੇਗਾ। BCCI ਚਾਹੁੰਦਾ ਹੈ ਕਿ ਪ੍ਰਧਾਨ ਅਤੇ ਸਕੱਤਰ ਨੂੰ ਕੂਲਿੰਗ ਔਫ਼ ਪੀਰੀਅਡ ਤੋਂ ਪਹਿਲਾਂ ਲਗਾਤਾਰ ਦੋ ਕਾਰਜਕਾਲ ਜਦਕਿ ਖ਼ਜ਼ਾਨਚੀ ਅਤੇ ਹੋਰ ਅਧਿਕਾਰੀਆਂ ਨੂੰ ਤਿੰਨ ਕਾਰਜਕਾਲ ਮਿਲਣੇ ਚਾਹੀਦੇ ਹਨ।