ਨਵੀਂ ਦਿੱਲੀ— ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ‘ਤੇ ਭਾਜਪਾ ਪਾਰਟੀ ਨੇ ਕਾਰਵਾਈ ਕੀਤੀ ਹੈ। ਉਨ੍ਹਾਂ ਨੂੰ ਰੱਖਿਆ (ਡਿਫੈਂਸ) ਕਮੇਟੀ ਤੋਂ ਹਟਾ ਦਿੱਤਾ ਗਿਆ ਹੈ। ਆਪਣੇ ਵਿਰੁੱਧ ਕਾਰਵਾਈ ਮਗਰੋਂ ਪ੍ਰਗਿਆ ਨੇ ਟਵਿੱਟਰ ‘ਤੇ ਟਵੀਟ ਕੀਤਾ, ”ਕਦੇ-ਕਦੇ ਝੂਠ ਦਾ ਬਬੰਡਰ ਇੰਨਾ ਡੂੰਘਾ ਹੁੰਦਾ ਹੈ ਕਿ ਦਿਨ ‘ਚ ਵੀ ਰਾਤ ਲੱਗਣ ਲੱਗਦੀ ਹੈ, ਪਰ ਸੂਰਜ ਆਪਣਾ ਪ੍ਰਕਾਸ਼ ਨਹੀਂ ਗੁਵਾਉਂਦਾ। ਪਲ ਭਰ ਦੇ ਬਬੰਡਰ ‘ਚ ਲੋਕ ਉਲਝਣ ‘ਚ ਨਾ ਪੈਣ, ਸੂਰਜ ਦਾ ਪ੍ਰਕਾਸ਼ ਸਥਾਈ ਹੈ। ਸੱਚ ਇਹ ਹੈ ਕਿ ਕੱਲ ਮੈਂ ਊਧਮ ਸਿੰਘ ਜੀ ਦਾ ਅਪਮਾਨ ਨਹੀਂ ਸਹਿਆ ਬਸ।”
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸਦਨ ਵਿਚ ਐੱਸ. ਪੀ. ਜੀ. ਬਿੱਲ ‘ਤੇ ਚਰਚਾ ਦੌਰਾਨ ਪ੍ਰਗਿਆ ਨੇ ਨੱਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਪ੍ਰਗਿਆ ਦੇ ਇਸ ਬਿਆਨ ‘ਤੇ ਅੱਜ ਭਾਵ ਵੀਰਵਾਰ ਲੋਕ ਸਭਾ ‘ਚ ਕਾਫੀ ਹੰਗਾਮਾ ਹੋਇਆ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਹ ਤਕ ਕਹਿ ਦਿੱਤਾ ਕਿ ਅੱਤਵਾਦੀ ਪ੍ਰਗਿਆ ਨੇ ਅੱਤਵਾਦੀ ਗੋਡਸੇ ਨੂੰ ਦੇਸ਼ ਭਗਤ ਦੱਸਿਆ, ਭਾਰਤ ਦੇ ਸੰਸਦ ਦੇ ਇਤਿਹਾਸ ‘ਚ ਇਹ ਦੁਖਦ ਦਿਨ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪ੍ਰਗਿਆ ਦੇ ਇਸ ਬਿਆਨ ਨੂੰ ਨਿੰਦਾਯੋਗ ਕਰਾਰ ਦਿੱਤਾ।