ਐਡੀਲੇਡ – ਲੈਗ ਸਪਿਨਰ ਯਾਸਿਰ ਸ਼ਾਹ ਦੇ ਸੱਤ ਉਂਗਲਾਂ ਵਾਲੇ ਇਸ਼ਾਰੇ ਨੇ ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੂੰ ਇਸ ਪਾਕਿਸਤਾਨੀ ਗੇਂਦਬਾਜ਼ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਯਾਸਿਰ ਨੇ ਬ੍ਰਿਸਬੇਨ ਵਿੱਚ ਸ਼ੀਰੀਜ਼ ਦੇ ਪਹਿਲੇ ਟੈੱਸਟ ਵਿੱਚ ਸਮਿਥ ਦਾ ਵਿਕਟ ਲੈਣ ਤੋਂ ਬਾਅਦ ਜਸ਼ਨ ਮਨਾਉਂਦਿਆਂ ਆਪਣੀਆਂ ਸੱਤ ਉਂਗਲਾਂ ਦਿਖਾਈਆਂ ਜਿਸ ਦਾ ਮਤਲਬ ਇਹ ਸੀ ਕਿ ਖੇਡ ਦੇ ਸਭ ਤੋਂ ਲੰਬੇ ਸਵਰੂਪ ਵਿੱਚ ਉਸ ਨੇ ਸਮਿਥ ਨੂੰ ਸੱਤਵੀਂ ਵਾਰ ਪੈਵਿਲੀਅਨ ਭੇਜਿਆ ਹੈ।
ਪ੍ਰੈੱਸ ਕਾਨਫ਼ਰੰਸ ਵਿੱਚ ਜਦੋਂ ਸਮਿਥ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਹੁਣ ਇਸ ਗੇਂਦਬਾਜ਼ ਖ਼ਿਲਾਫ਼ ਚੌਕਸ ਰਹੇਗਾ। ਇਹ ਇਸ਼ਾਰਾ ਮੈਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ ਤਾਂ ਕਿ ਮੈਂ ਇਸ ਗੇਂਦਬਾਜ਼ ਹੱਥੋਂ ਆਊਟ ਨਾ ਹੋਵਾਂ। ਮੈਂ ਉਸ ਖ਼ਿਲਾਫ਼ ਜ਼ਿਆਦਾ ਧਿਆਨ ਨਾਲ ਖੇਡਾਂਗਾ।” ਹਾਲਾਂਕਿ ਸਮਿਥ ਨੇ ਯਾਸਿਰ ਦੀ ਉਪਲਬਧੀ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਸਮਿਥ ਨੇ ਕਿਹਾ, ”ਉਸ ਨੇ ਮੈਨੂੰ ਅਜਿਹੇ ਸਮੇਂ ਆਊਟ ਕੀਤਾ ਜਦੋਂ ਮੈਂ ਕ੍ਰੀਜ਼ ‘ਤੇ ਨਵਾਂ ਸੀ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਜ਼ਰੂਰਤ ਸੀ। ਦੋ ਵਾਰ ਸ਼ਾਇਦ ਮੈਂ ਦੂਜੀ ਪਾਰੀ ਵਿੱਚ ਆਊਟ ਹੋਇਆ ਹਾਂ ਜਿੱਥੇ ਮੈਂ ਥੋੜਾ ਬੇਪਰਵਾਹ ਹੋ ਕੇ ਖੇਡ ਰਿਹਾ ਸੀ। ਮੈਂ ਇਸ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹਾਂ।”