ਅੰਮ੍ਰਿਤਸਰ : ਪੰਜਾਬ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਭਾਰਤ-ਪਾਕਿ ਦੀ ਅੰਤਰਰਾਸ਼ਟਰੀ ਸਰਹੱਦ ਨੇੜੇ ਰਹਿਣ ਵਾਲੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਆਵਾਜ਼ ਸੰਸਦ ‘ਚ ਚੁੱਕੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿਵੇਂ ਸਰਹੱਦ ‘ਤੇ ਫੌਜ ਅਤੇ ਬੀ. ਐੱਸ. ਐੱਫ. ਦੇਸ਼ ਲਈ ਲੜਾਈ ਲੜਦੀ ਹੈ, ਉਂਝ ਹੀ ਅੰਤਰਰਾਸ਼ਟਰੀ ਸਰਹੱਦ ‘ਤੇ ਰਹਿਣ ਵਾਲੇ ਕਿਸਾਨਾਂ ਅਤੇ ਛੋਟੇ ਵਪਾਰੀਆਂ ਨੂੰ ਰੋਜ਼ਾਨਾ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਲੜਾਈ ਲੜਨੀ ਪੈਂਦੀ ਹੈ। ਮਲਿਕ ਨੇ ਕਿਹਾ ਕਿ ਪਾਕਿਸਤਾਨ ਵਲੋਂ ਰੋਜ਼ਾਨਾ ਭਾਰਤੀ ਸਰਹੱਦ ‘ਚ ਕੋਈ ਨਾ ਕੋਈ ਦਖਲਅੰਦਾਜ਼ੀ ਕੀਤੀ ਜਾਂਦੀ ਹੈ, ਜਿਸ ਨੂੰ ਸਾਡੀਆਂ ਸੁਰੱਖਿਆ ਸੈਨਾਵਾਂ ਅਸਫਲ ਕਰਦੀਆਂ ਰਹਿੰਦੀਆਂ ਹਨ।
ਉਨ੍ਹਾਂ ਕਿਹਾ ਕਿ ਸਰਹੱਦ ਨੇੜੇ ਵਸੇ ਪਿੰਡਾਂ ‘ਚ ਰਹਿਣ ਵਾਲੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦਾ ਜੀਵਨ ਬਹੁਤ ਹੀ ਔਖਾ ਹੈ, ਜਿਨ੍ਹਾਂ ਨੂੰ ਘਰ ਦੇ ਕੋਲ ਹੀ ਰੋਜ਼ਗਾਰ ਦੀ ਬਹੁਤ ਲੋੜ ਹੈ। ਇਨ੍ਹਾਂ ਇਲਾਕਿਆਂ ‘ਚ ਜੇਕਰ ਕੋਈ ਬੀਮਾਰ ਪੈ ਜਾਵੇ ਤਾਂ ਉਨ੍ਹਾਂ ਨੂੰ ਉਸ ਬੀਮਾਰ ਵਿਅਕਤੀ ਦੇ ਇਲਾਜ ਲਈ ਵੀ ਕਈ-ਕਈ ਕਿਲੋਮੀਟਰ ਦੂਰ ਹਸਪਤਾਲ ਲਿਜਾਣਾ ਪੈਂਦਾ ਹੈ। ਸਰਹੱਦੀ ਪਿੰਡਾਂ ‘ਚ ਡਿਸਪੈਂਸਰੀਆਂ ਵੀ ਨਹੀਂ ਹਨ। ਸਰਹੱਦ ‘ਤੇ ਵਸੇ ਇਸ ਪਿੰਡਾਂ ‘ਚ ਰਹਿਣ ਵਾਲੇ ਬੱਚਿਆਂ ਨੂੰ ਪੜ੍ਹਨ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਹੈ, ਇਨ੍ਹਾਂ ਲਈ ਸਕੂਲਾਂ ਦੀ ਬਹੁਤ ਲੋੜ ਹੈ।
ਮਲਿਕ ਨੇ ਮੰਗ ਕੀਤੀ ਕਿ ਸਰਹੱਦ ਨਾਲ ਲੱਗਦੇ 5 ਕਿਲੋਮੀਟਰ ਦੇ ਇਲਾਕੇ ਲਈ ਵੱਖ ਤੋਂ ਫੰਡ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕਸਬਿਆਂ ਤੋਂ ਦੂਰ ਸਰਹੱਦ ਨਾਲ ਲੱਗਦੇ ਪਿੰਡਾਂ ‘ਚ ਰਹਿਣ ਵਾਲੇ ਲੋਕਾਂ ਦਾ ਵਿਕਾਸ ਹੋ ਸਕੇ।