ਚੰਡੀਗੜ੍ਹ : ਬਾਦਲ ਪਰਿਵਾਰ ਦੀਆਂ ਭ੍ਰਿਸ਼ਟ ਨੀਤੀਆਂ ਨੇ ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਸ਼ਹੀਦੀਆਂ ਨਾਲ ਸਥਾਪਤ ਕੀਤੀਆਂ ਸਿੱਖ ਕੌਮ ਦੀਆਂ ਰਾਜਸੀ ਅਤੇ ਧਾਰਮਿਕ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਾਰੇ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਰੁਤਬੇ ਨੂੰ ਪੰਜਾਬ ਅਤੇ ਦੇਸ਼-ਵਿਦੇਸ਼ ‘ਚ ਕੱਖੋਂ ਹੌਲੇ ਕਰ ਕੇ ਰੱਖ ਦਿੱਤਾ ਹੈ। ਸ਼੍ਰੋਮਣੀ ਅਕਾਲੀ ਵਰਗੀ ਸੰਸਥਾ ਜਿਸ ਵੱਲ ਹਰ ਔਖੀ ਘੜੀ ਵੇਲੇ ਪੂਰਾ ਦੇਸ਼ ਅਗਵਾਈ ਦੇਖਦਾ ਸੀ-ਚਾਹੇ ਉਹ ਜੰਗ-ਏ-ਆਜ਼ਾਦੀ ਹੋਵੇ, ਚਾਬੀਆਂ ਦਾ ਮੋਰਚਾ ਹੋਵੇ, ਪੰਜਾਬੀ ਸੂਬੇ ਦਾ ਮੋਰਚਾ ਹੋਵੇ, ਐਮਰਜੈਂਸੀ ਦਾ ਮੋਰਚਾ ਹੋਵੇ, ਵੱਧ ਅਧਿਕਾਰਾਂ ਅਤੇ ਪਾਣੀਆਂ ਦਾ ਮੋਰਚਾ ਹੋਵੇ ਪਰ ਬਾਦਲ ਪਰਿਵਾਰ ਦੇ ਜਾਤੀ ਮੁਫਾਦਾਂ ਨੇ ਪੂਰੀ ਕੌਮ ਨੂੰ ਪੰਥਕ ਸਿਧਾਂਤਾਂ ਤੋਂ ਲਾਂਭੇ ਕਰ ਕੇ ਲਿਫਾਫਾ ਸਿਧਾਂਤ ਦੀ ਗੁਲਾਮ ਬਣਾ ਦਿੱਤਾ ਹੈ, ਜਿਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ‘ਚ 170 ਜਿਊਂਦੀਆਂ ਲਾਸ਼ਾਂ ਨੇ ਹਿੱਸਾ ਲਿਆ। ਇਹ ਵਿਚਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ, ਬਲਵਿੰਦਰ ਸਿੰਘ ਖੋਜਕੀਪੁਰ ਅਤੇ ਮਜੀਠਾ ਦੇ ਪ੍ਰਧਾਨ ਕੁਲਦੀਪ ਸਿੰਘ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ‘ਤੇ ਟਿੱਪਣੀ ਕਰਦਿਆਂ ਪ੍ਰਗਟ ਕੀਤੇ।
ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਿੱਖ ਕੌਮ ਵਲੋਂ ਦਿੱਤੇ ਦਸਵੰਧ ਦੇ ਪੈਸੇ ਦਾ ਦੁਰਉਪਯੋਗ ਕਰ ਕੇ ਜੋ 10 ਕਰੋੜ ਦੀ ਸਟੇਜ ਸਿਰਫ ਬਾਦਲ ਪਰਿਵਾਰ ਲਈ ਲਾਈ ਗਈ ਸੀ, ਉਸ ਦੇ ਇਵਜ ‘ਚ ਪ੍ਰਧਾਨਗੀ ਇਨਾਮ ਵਜੋਂ ਬਾਦਲ ਪਰਿਵਾਰ ਵਲੋਂ ਦਿੱਤੀ ਗਈ ਹੈ। ਠੀਕ ਉਸੇ ਤਰ੍ਹਾਂ ਜਿਵੇਂ ਦੋ ਮਹੀਨੇ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲ੍ਹਾ ਦੇ ਵਾਈਸ ਚਾਂਸਲਰ ਦੀ ਪੋਸਟ ਲਈ ਦਾਅਵੇਦਾਰਾਂ ਦੀ ਇੰਟਰਵਿਊ ਦੇ ਰਿਜ਼ਲਟ ਨੂੰ ਸਿਰਫ ਇਸ ਲਈ ਰੋਕੀ ਰੱਖਿਆ ਗਿਆ ਤਾਂ ਕਿ ਬਾਦਲ ਪਰਿਵਾਰ ਦੇ ਭ੍ਰਿਸ਼ਟ ਸਹਿਯੋਗੀ, ਜੋ ਦਾੜ੍ਹੀ ਕੱਟੀ ਹੋਣ ਕਾਰਣ ਚੋਣ ਕਮੇਟੀ ਨੇ ਰਿਜੈਕਟ ਕਰ ਦਿੱਤਾ ਸੀ, ਉਸ ਡਾ. ਦਲਜੀਤ ਸਿੰਘ ਦੀ ਦਾੜ੍ਹੀ ਰਖਵਾਈ ਜਾ ਸਕੇ, ਜੋ ਕਿ ਮੈਡੀਕਲ ਕੌਂਸਲ ਆਫ ਇੰਡੀਆ ਅਤੇ ਪੰਜਾਬ ਮੈਡੀਕਲ ਕੌਂਸਲ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਬਾਦਲ ਪਰਿਵਾਰ ਨੇ ਇਸ ਭ੍ਰਿਸ਼ਟ ਅਤੇ ਪਤਿਤ ਡਾ. ਦਲਜੀਤ ਸਿੰਘ ਨੂੰ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲ੍ਹਾ ਦਾ ਵਾਈਸ ਚਾਂਸਲਰ ਨਿਯੁਕਤ ਕਰ ਕੇ ਉਸ ਦੇ ਲੜਕੇ ਅਤੇ ਨੂੰਹ ਨੂੰ ਵੀ ਨਾਲ ਹੀ ਭਰਤੀ ਕਰ ਕੇ ਨਿਵਾਜਿਆ ਹੈ। ਜਿਸ ਨਾਲ ਇਸ ਯੂਨੀਵਰਸਿਟੀ ਵਿਚ ਸਿੱਖਾਂ ਵਲੋਂ ਹੀ ਪਤਿਤਪੁਣੇ ਅਤੇ ਆਰ. ਐੱਸ. ਐੱਸ. ਦੀ ਸੋਚ ਦਾ ਮੁੱਢ ਬੰਨ੍ਹ ਦਿੱਤਾ ਗਿਆ ਹੈ।