ਮੈਲਬਰਨ – ਆਸਟਰੇਲੀਆ ਦੀ ਵਨ ਡੇਅ ਟੀਮ ਦਾ ਸਾਬਕਾ ਕਪਤਾਨ ਜੌਰਜ ਬੇਲੀ ਨਵਾਂ ਚੋਣਕਾਰ ਬਣਨ ਦੇ ਨੇੜੇ ਹੈ ਜਿਸ ਨੂੰ ਕੋਚ ਜਸਟਿਨ ਲੈਂਗਰ ਅਤੇ ਚੇਅਰਮੈਨ ਟ੍ਰੈਵਰ ਹੌਂਸ ਦੇ ਨਾਲ ਨਵੀਂ ਚੋਣ ਕਮੇਟੀ ਲਈ ਚੁਣਿਆ ਗਿਆ ਹੈ। 37 ਸਾਲਾ ਬੇਲੀ ਅਜੇ ਵੀ ਸਰਗਰਮ ਕ੍ਰਿਕਟਰ ਹੈ ਜਿਹੜਾ ਬਿੱਗ ਬੈਸ਼ ਲੀਗ ਵਿੱਚ ਹੋਬਾਰਟ ਹਰੀਕੇਨਜ਼ ਜਦਕਿ ਸ਼ੈੱਫ਼ੀਲਡ ਸ਼ੀਲਡ ਵਿੱਚ ਤਸਮਾਨੀਆ ਲਈ ਖੇਡਦਾ ਹੈ। ਹਾਲਾਂਕਿ ਸਿਡਨੀ ਮੌਰਨਿੰਗ ਹੈਰਾਲਡ ਦੀ ਰਿਪੋਰਟ ਮੁਤਾਬਿਕ ਬੇਲੀ ਇੱਕ ਖਿਡਾਰੀ ਦੇ ਤੌਰ ‘ਤੇ ਖੇਡਦੇ ਹੋਏ ਹੀ ਚੋਣਕਰਤਾ ਬਣੇਗਾ।
ਆਸਟਰੇਲੀਆ ਵਲੋਂ ਜੌਰਜ ਬੇਲੀ ਨੇ ਸਿਰਫ਼ ਪੰਜ ਕੌਮਾਂਤਰੀ ਟੈੱਸਟ ਮੈਚ ਹੀ ਖੇਡੇ ਹਨ। 90 ਵਨ-ਡੇ ਮੈਚ ਖੇਡਣ ਵਾਲੇ ਬੇਲੀ ਦੇ ਨਾਂ 3,044 ਦੌੜਾਂ ਹਨ ਜਦੋਂ ਕਿ 30 T-20 ਮੁਕਾਬਲੇ ਖੇਡ ਕੇ ਉਸ ਨੇ ਕੁੱਲ 473 ਦੌੜਾਂ ਬਣਾਈਆਂ ਹਨ। ਉਥੇ ਪੰਜ ਟੈੱਸਟ ਮੈਚਾਂ ਦੀਆਂ ਅੱਠ ਪਾਰੀਆਂ ‘ਚ ਬੇਲੀ ਦੇ ਨਾਂ ਸਿਰਫ਼ 183 ਦੌੜਾਂ ਹਨ। ਵਨ-ਡੇ ‘ਚ ਬੇਲੀ ਦਾ ਸਭ ਤੋਂ ਜ਼ਿਆਦਾ ਸਕੋਰ 156 ਦੌੜਾਂ ਦਾ ਹੈ ਜਦ ਕਿ T-20 ਵਿੱਚ 63 ਅਤੇ ਟੈੱਸਟ ਮੈਚਾਂ ‘ਚ 53 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਬੇਲੀ ਆਸਟਰੇਲੀਆ ਦੀ ਵਨ-ਡੇ ਟੀਮ ਦੀ ਕਪਤਾਨੀ ਵੀ ਕਰ ਚੁੱਕੈ। ਸਾਲ 2017 ‘ਚ ਉਸ ਨੇ ਆਖ਼ਰੀ ਵਾਰ ਆਸਟਰੇਲੀਆ ਵਲੋਂ ਮੈਚ ਖੇਡਿਆ ਸੀ। ਬਿੱਗ ਬੈਸ਼ ਟੀਮ ਹੋਬਾਰਟ ਹਰਿਕੇਨਜ਼ ਦੀ ਕਪਤਾਨੀ ਕਰਨ ਦੇ ਨਾਲ-ਨਾਲ ਉਹ ਚੋਣਕਰਤਾ ਦੀ ਭੂਮਿਕਾ ਨਿਭਾ ਸਕਦਾ ਹੈ।
ਇੱਕ ਖਿਡਾਰੀ ਦੇ ਤੌਰ ‘ਤੇ ਬੇਲੀ ਰਾਸ਼ਟਰੀ ਚੋਣਕਰਤਾ ਬਣਨ ਵਾਲਾ ਪਹਿਲਾ ਸਰਗਰਮ ਕ੍ਰਿਕਟਰ ਨਹੀਂ। ਇਸ ਤੋਂ ਪਹਿਲਾਂ ਡੌਨ ਬ੍ਰੈਡਮੈਨ ਅਤੇ ਮਾਈਕਲ ਕਲਾਰਕ ਕਪਤਾਨ ਰਹਿੰਦੇ ਹੋਏ ਰਾਸ਼ਟਰੀ ਟੀਮ ਦੇ ਚੋਣਕਰਤਾ ਰਹੇ ਹਨ। ਅਗਲੇ T-20 ਵਰਲਡ ਕੱਪ ਨੂੰ ਦੇਖਦੇ ਹੋਏ ਕ੍ਰਿਕਟ ਆਸਟਰੇਲੀਆ ਨੇ ਬੇਲੀ ਨੂੰ ਚੋਣਕਰਤਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੀਮਿਤ ਓਵਰਾਂ ਦੇ ਕ੍ਰਿਕਟ ‘ਤੇ ਉਸ ਦੀ ਚੰਗੀ ਪਕੜ ਹੈ। ਕ੍ਰਿਕਟ ਆਸਟਰੇਲੀਆ ਦੇ ਰਾਸ਼ਟਰੀ ਟੀਮਾਂ ਦੇ ਪ੍ਰਮੁੱਖ ਬੈੱਨ ਓਲਿਵਰ ਨੇ ਕਿਹਾ, ”ਇਸ ਕਮੇਟੀ ‘ਚ ਸ਼ਾਮਿਲ ਤਿੰਨੋਂ ਚੋਣਕਰਤਾ ਆਸਟਰੇਲੀਆਈ ਪੁਰਸ਼ ਟੀਮ ਦੀ ਚੋਣ ਲਈ ਜ਼ਿੰਮੇਦਾਰ ਹੋਣਗੇ।