ਡੇਰਾ ਬਾਬਾ ਨਾਨਕ, — ਕਸਬਾ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ-ਪਾਕਿ ਕੌਮਾਂਤਰੀ ਸਰਹੱਦ ‘ਤੇ ਬਣੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਾਣਾ ਜਾਰੀ ਹੈ ਤੇ ਵੀਰਵਾਰ ਲਾਂਘਾ ਖੁੱਲ੍ਹਣ ਦੇ 20ਵੇਂ ਦਿਨ 642 ਸ਼ਰਧਾਲੂ ਕਰਤਾਰਪੁਰ ਲਾਂਘੇ ਰਾਹੀਂ ਗੁ. ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਗਏ ਅਤੇ ਵੀਰਵਾਰ ਮੌਸਮ ਕੁਝ ਸਾਫ ਰਹਿਣ ਨਾਲ ਕਰਤਾਰਪੁਰ ਦਰਸ਼ਨ ਸਥੱਲ ‘ਤੇ ਵੀ ਵੱਡੀ ਗਿਣਤੀ ‘ਚ ਸੰਗਤ ਨੇ ਪਹੁੰਚ ਕੇ ਦੂਰੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ। ਨਜ਼ਦੀਕੀ ਪਿੰਡ ਠੇਠਰਕੇ ਦੇ ਇਕ ਹਿੰਦੂ ਪਰਿਵਾਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਮੌਕੇ ਪਰਿਵਾਰ ਦੇ ਮੋਢੀ ਸੰਜੀਵ ਕੁਮਾਰ ਨੇ ਪੱਗ ਬੰਨ੍ਹ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕੀਤੇ ਅਤੇ ‘ਜਗ ਬਾਣੀ’ ਨੂੰ ਜਾਣ ਮੌਕੇ ਦੱਸਿਆ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਚਰਨ੍ਹ ਛੋਹ ਪ੍ਰਾਪਤ ਧਰਤੀ ਨੂੰ ਨਤਮਸਤਕ ਹੋਣ ਲਈ ਅਤੇ ਉਸ ਧਰਤੀ ਦੇ ਸਤਿਕਾਰ ਵਜੋਂ ਪੱਗ ਬੰਨ੍ਹ ਕੇ ਆਏ ਹਨ। ਇਸ ਪਰਿਵਾਰ ਵੱਲੋਂ ਵਾਪਸੀ ‘ਤੇ ਵੀ ‘ਜਗ ਬਾਣੀ’ ਨਾਲ ਗੱਲਬਾਤ ਕੀਤੀ ਗਈ ਅਤੇ ਪਾਕਿਸਤਾਨ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਹੀ ਸੰਗਤ ਪਾਕਿਸਤਾਨ ਦੀ ਧਰਤੀ ‘ਤੇ ਪੈਰ ਰੱਖ ਲੈਂਦੀ ਹੈ ਤਾਂ ਸਮਝੋ ਕਿ ਉਹ ਸੰਗਤਾਂ ਨੂੰ ਹੱਥਾਂ ‘ਤੇ ਚੁੱਕ ਲੈਂਦੇ ਹਨ ਅਤੇ ਵਾਰ-ਵਾਰ ਸੰਗਤਾਂ ਨੂੰ ਇਹ ਪੁੱਛਦੇ ਹਨ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਤਾਂ ਨਹੀਂ ਹੈ। ਇਸ ਸਬੰਧੀ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀ ਪਾਕਿਸਤਾਨੀ ਸੰਗਤ ਲਈ ਦਰਜਨਾਂ ਕੜੇ ਲੈ ਕੇ ਗਿਆ ਸੀ, ਜਿਸ ਨੂੰ ਪਾਕਿਸਤਾਨੀ ਸੰਗਤ ਨੇ ਬੜੇ ਚਾਅ ਨਾਲ ਆਪਣੀਆਂ ਬਾਹਾਂ ‘ਚ ਪਹਿਨਿਆ ਅਤੇ ਉਨ੍ਹਾਂ ਦਾ ਸ਼ੁਕਰੀਆ ਵੀ ਅਦਾ ਕੀਤਾ।
ਪਾਕਿਸਤਾਨੀ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਬੱਚੇ ਭਾਰਤ ਤੋਂ ਆਈ ਸੰਗਤ ਨੂੰ ਵੇਖਣ ਆਉਂਦੇ ਹਨ
ਸੰਗਤਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਦੇ ਸਕੂਲੀ ਬੱਚਿਆਂ ਅਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਦਿਆਰਥੀ ਹੁਣ ਜਿੱਥੇ ਕਰਤਾਪੁਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨ ਆਉਂਦੇ ਹਨ, ਉਥੇ ਭਾਰਤ ਤੋਂ ਆਈ ਸੰਗਤ ਨਾਲ ਬੜੇ ਚਾਅ ਨਾਲ ਮਿਲਕੇ ਉਨ੍ਹਾਂ ਨਾਲ ਸੈਲਫੀਆਂ ਵੀ ਲੈਂਦੇ ਹਨ। ਪਾਕਿਸਤਾਨ ਦੇ ਨਾਗਰਿਕਾਂ ਖਾਸਕਰ ਬੱਚੇ ਇਹ ਵੀ ਦੱਸਦੇ ਹਨ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਪਹਿਲਾਂ ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਬਾਰੇ ਪਤਾ ਹੀ ਨਹੀਂ ਸੀ ਪਰ ਹੁਣ ਲਾਂਘਾ ਖੁੱਲ੍ਹਣ ਤੋਂ ਬਾਅਦ ਵੱਡੀ ਗਿਣਤੀ ‘ਚ ਸੰਗਤ ਬਾਕਾਇਦਾ 200 ਰੁਪਏ ਦੀ ਫੀਸ ਅਦਾ ਕਰ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ, ਜਿਸ ਤਰ੍ਹਾਂ ਅਸੀਂ ਆਪਣੀ ਵਿਛੜੀ ਧਰਤੀ ‘ਤੇ ਵਿਛੜੇ ਗੁਰਧਾਮ ਦੇ ਦਰਸ਼ਨਾਂ ਨੂੰ ਹਮੇਸ਼ਾਂ ਤਰਸਦੇ ਰਹੇ ਹਾਂ, ਇਸੇ ਤਰ੍ਹਾਂ ਪਾਕਿਸਤਾਨੀ ਪੰਜਾਬੀ ਲੋਕ ਵੀ ਭਾਰਤ ਵਾਲੇ ਪੰਜਾਬ ਆਉਣਾ ਚਾਹੁੰਦੇ ਹਨ, ਲੋਕਾਂ ਨਾਲ ਪਿਆਰ ਅਤੇ ਵਪਾਰ ਕਰਨਾ ਚਾਹੁੰਦੇ ਹਨ।
ਦੁਪਹਿਰ 3 ਵਜੇ ਤੋਂ ਬਾਅਦ ਕਰਤਾਰਪੁਰ ਸਾਹਿਬ ਨਹੀਂ ਜਾ ਸਕੇਗੀ ਸੰਗਤ
ਭਾਵੇਂ ਅਜਿਹਾ ਲਿਖਤੀ ਤੌਰ ‘ਤੇ ਕਿਸੇ ਹੁਕਮ ਦੀ ਜਾਣਕਾਰੀ ਨਹੀਂ ਹੈ ਪਰ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਾਲੇ ਕਰਤਾਰਪੁਰ ਟਰਮੀਨਲ ਤੋਂ ਦੁਪਹਿਰ 3 ਵਜੇ ਤੋਂ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕੇਗੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਲਈ ਬਣਾਈ ਗਈ ਵੈਬਸਾਈਟ ‘ਤੇ ਵੀ ਅਜੇ ਇਸ ਤਰ੍ਹਾਂ ਦੀ ਕੋਈ ਨਵੀਂ ਸ਼ਰਤ ਦਰਜ ਨਹੀਂ ਹੋਈ ਹੈ। ਸੰਗਤ ਨੇ ਦੱਸਿਆ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨੀ ਪ੍ਰਬੰਧਕ ਵੀ ਸੰਗਤਾਂ ਨੂੰ ਦੱਸਣ ਲੱਗ ਪੈਂਦੇ ਹਨ ਕਿ 4 ਵੱਜ ਗਏ ਹਨ ਅਤੇ ਉਹ ਹੁਣ ਵਾਪਸ ਭਾਰਤ ਜਾਣ ਲਈ ਤਿਆਰੀਆਂ ਸ਼ੁਰੂ ਕਰ ਦੇਣ ਤਾਂ ਕਿ ਉਹ ਸਮੇਂ ਸਿਰ ਵਾਪਸ ਪਹੁੰਚ ਸਕਣ। ਸੰਗਤਾਂ ਨੇ ਦੱਸਿਆ ਕਿ ਜਿਹੜਾ ਵੀ ਸ਼ਰਧਾਲੂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਕੀਰਤਨ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਹਾਰਮੋਨੀਅਮ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਕਿਸੇ ਵੀ ਧਰਮ ਨਾਲ ਸਬੰਧਤ ਵਿਅਕਤੀ ਉੱਥੇ ਕੀਰਤਨ ਕਰ ਸਕਦਾ ਹੈ।