ਨਵੀਂ ਦਿੱਲੀ – ਭਾਰਤੀ ਕਪਤਾਨ ਵਿਰਾਟ ਕੋਹਲੀ ਬੰਗਲਾਦੇਸ਼ ਖ਼ਿਲਾਫ਼ ਡੇਅ-ਨਾਈਟ ਟੈੱਸਟ ‘ਚ ਸੈਂਕੜਾ ਲਾ ਕੇ ICC ਟੈੱਸਟ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਸਟੀਵ ਸਮਿਥ ਦੇ ਨੇੜੇ ਪਹੁੰਚ ਗਿਆ ਜਦ ਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਹਿਲੀ ਵਾਰ ਟੌਪ 10 ‘ਚ ਆ ਗਿਆ। ਕੋਹਲੀ, ਜਿਸ ਨੇ ਕੋਲਕਾਤਾ ‘ਚ ਬੰਗਲਾਦੇਸ਼ ਖ਼ਿਲਾਫ਼ 136 ਦੌੜਾਂ ਬਣਾਈਆਂ, ਦੇ 928 ਰੇਟਿੰਗ ਅੰਕ ਹਨ। ਉਸ ਦੇ ਅਤੇ ਸਟੀਵ ਸਮਿਥ ਵਿਚਾਲੇ ਹੁਣ ਕੇਵਲ ਤਿੰਨ ਅੰਕਾਂ ਦਾ ਹੀ ਫ਼ਰਕ ਰਹਿ ਗਿਆ ਹੈ।
ਇੰਦੌਰ ‘ਚ ਬੰਗਲਾਦੇਸ਼ ਖ਼ਿਲਾਫ਼ ਪਹਿਲੇ ਟੈੱਸਟ ‘ਚ ਦੋਹਰੇ ਸੈਂਕੜੇ ਲਾਉਣ ਵਾਲਾ ਮਯੰਕ ਅਗਰਵਾਲ ਇੱਕ ਸਥਾਨ ਚੜ੍ਹ ਕੇ ਦਸਵੇਂ ਸਥਾਨ ‘ਤੇ ਪਹੁੰਚ ਗਿਆ। ਟੌਪ 10 ‘ਚ ਉਹ ਚੌਥਾ ਭਾਰਤੀ ਹੈ। ਚੇਤੇਸ਼ਵਰ ਪੁਜਾਰਾ (791) ਚੌਥੇ ਅਤੇ ਅਜਿੰਕਿਯ ਰਹਾਨੇ (759) ਪੰਜਵੇਂ ਸਥਾਨ ‘ਤੇ ਹੈ। ਇੰਗਲੈਂਡ ਦਾ ਆਲਰਾਊਂਡਰ ਬੈੱਨ ਸਟੋਕਸ ਵੀ ਤਿੰਨ ਸਥਾਨ ਚੜ੍ਹ ਕੇ ਟੌਪ 10 ‘ਚ ਪਹੁੰਚ ਗਿਐ। ਬੰਗਲਾਦੇਸ਼ ਦਾ ਮੁਸ਼ਫ਼ਿਕੁਰ ਰਹੀਮ ਚਾਰ ਸਥਾਨ ਚੜ੍ਹ 26ਵੇਂ ਸਥਾਨ ‘ਤੇ ਹੈ ਜਿਸ ਨੇ ਕੋਲਕਾਤਾ ਟੈੱਸਟ ‘ਚ 74 ਦੌੜਾਂ ਬਣਾਈਆਂ।
ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਨੇ ਕਰੀਅਰ ਦੇ ਸਰਵ ਉੱਚ ਅੰਕ ਹਾਸਿਲ ਕੀਤੇ। ਇਸ਼ਾਂਤ 716 ਅੰਕ ਲੈ ਕੇ 17ਵੇਂ ਸਥਾਨ ‘ਤੇ ਹੈ ਜਦ ਕਿ ਉਮੇਸ਼ 672 ਅੰਕਾਂ ਦੇ ਨਾਲ 21ਵੇਂ ਸਥਾਨ ‘ਤੇ। ਸਪਿਨਰ ਆਰ ਅਸ਼ਵਿਨ 772 ਅੰਕ ਲੈ ਕੇ ਨੌਵੇਂ ਸਥਾਨ ‘ਤੇ ਹੈ। ਉਥੇ ਫ਼ਿੱਟਨੈੱਸ ਸਮੱਸਿਆਵਾਂ ਨਾਲ ਜੂਝ ਰਿਹਾ ਜਸਪ੍ਰੀਤ ਬੁਮਰਾਹ ਇੱਕ ਸਥਾਨ ਖਿਸਕ ਕੇ 5ਵੇਂ ਸਥਾਨ ‘ਤੇ ਚਲਾ ਗਿਆ ਹੈ। ਜਡੇਜਾ ਹਰਫ਼ਨਮੌਲਾਵਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਹੈ। ਵੈੱਸਟ ਇੰਡੀਜ਼ ਦਾ ਜੈਸਨ ਹੋਲਡਰ ਟੌਪ ਸਥਾਨ ‘ਤੇ ਹੈ।