ਗੁਰਦਾਸਪੁਰ : ਦੋ ਮਹੀਨੇ ਪਹਿਲਾਂ ਬਟਾਲਾ ਪਟਾਕਾ ਫੈਕਟਰੀ ਬਲਾਸਟ ਕਾਂਡ ਵਿਚ ਲਾਪ੍ਰਵਾਹੀ ਦੇ ਦੋਸ਼ਾਂ ਅਧੀਨ ਜ਼ਿਲਾ ਤਹਿਸੀਲ ਦਫਤਰ ‘ਚ ਤੈਨਾਤ ਸਹਾਇਕ ਬਿੱਲ ਕਲਰਕ, ਜਿਸ ਨੂੰ ਡਿਪਟੀ ਕਮਿਸ਼ਨਰ ਨੇ ਜਾਂਚ ਰਿਪੋਰਟ ਦੇ ਆਧਾਰ ‘ਤੇ ਮੁਅੱਤਲ ਕਰ ਰੱਖਿਆ ਸੀ, ਅੱਜ ਆਪਣੀ ਡਿਊਟੀ ‘ਤੇ ਕੰਮ ਕਰਦਾ ਪਾਏ ਜਾਣ ‘ਤੇ ਵਧੀਕ ਡਿਪਟੀ ਕਮਿਸ਼ਨਰ ਦੀ ਸ਼ਿਕਾਇਤ ‘ਤੇ ਸਿਟੀ ਪੁਲਸ ਗੁਰਦਾਸਪੁਰ ਵੱਲੋਂ ਉਸ ਨੂੰ ਫੜ ਕੇ ਪੁਲਸ ਸਟੇਸ਼ਨ ਲਿਆਂਦਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮੁਲਖ ਰਾਜ ਨਾਮਕ ਇਹ ਕਰਮਚਾਰੀ ਜਿਵੇ ਹੀ ਤਹਿਸੀਲ ਦਫਤਰ ‘ਚ ਆਪਣੇ ਦੂਜੇ ਦੋਸਤਾਂ ਨੂੰ ਮਿਲਣ ਲਈ ਪਹੁੰਚਿਆ ਤਾਂ ਕਿਸੇ ਹੋਰ ਵਿਅਕਤੀ ਨੇ ਇਸ ਮਾਮਲੇ ਦੀ ਸ਼ਿਕਾਇਤ ਵਧੀਕ ਡਿਪਟੀ ਕਮਿਸ਼ਨਰ ਨੂੰ ਕਰ ਦਿੱਤੀ ਕਿ ਉਕਤ ਮੁਅੱਤਲ ਕਰਮਚਾਰੀ ਤਾਂ ਡਿਊਟੀ ਕਰ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ ਵਲੋਂ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਅਤੇ ਮੁਲਖ ਰਾਜ ਨੂੰ ਫੜਨ ਦੇ ਲਈ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਪੁਲਸ ਪਾਰਟੀ ਦੇ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਸਸਪੈਂਡ ਕਰਮਚਾਰੀ ਨੂੰ ਹਿਰਾਸਤ ਵਿਚ ਲੈ ਕੇ ਥਾਣਾ ਸਿਟੀ ਲੈ ਗਏ ਪਰ ਜਾਂਚ ਪੜਤਾਲ ਦੇ ਬਾਅਦ ਉਕਤ ਕਰਮਚਾਰੀ ਨੂੰ ਰਿਹਾਅ ਕਰ ਦਿੱਤਾ ਗਿਆ ਕਿਉਂਕਿ ਜਾਂਚ ਵਿਚ ਪਾਇਆ ਗਿਆ ਸੀ ਕਿ ਇਹ ਕਰਮਚਾਰੀ ਵੈਸੇ ਹੀ ਆਪਣੇ ਸਾਥੀ ਕਰਮਚਾਰੀਆਂ ਨੂੰ ਮਿਲਣ ਲਈ ਆਇਆ ਹੋਇਆ ਸੀ ਅਤੇ ਕਿਸੇ ਕਲਰਕ ਦੀ ਕੁਰਸੀ ‘ਤੇ ਬੈਠ ਗਿਆ। ਇਹ ਮਾਮਲਾ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਿਆ ਰਿਹਾ।