ਜਲੰਧਰ : ਪੰਜਾਬ ਵਕਫ ਬੋਰਡ ‘ਚ ਇਕ ਵਾਰ ਫਿਰ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਵਕਫ ਬੋਰਡ ਦੇ ਸੀ. ਈ. ਓ. ਆਈ. ਏ. ਐੱਸ. ਅਧਿਕਾਰੀ ਸ਼ੌਕਤ ਅਹਿਮਦ ਪਾਰੇ ਨੇ ਇਸ ਘਪਲੇ ਦਾ ਪਰਦਾਫਾਸ਼ ਕਰਦੇ ਹੋਏ ਖਰੜ ਦੇ ਅਸਟੇਟ ਅਫਸਰ ਮੁਹੰਮਦ ਰਿਜਵਾਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 2015 ਦਾ ਹੈ ਜਿਹੜੀ ਖਰੜ ਐੱਨ. ਐੱਚ. ਏ. ਨੂੰ ਦਿੱਤੀ ਗਈ ਜ਼ਮੀਨ ਦੇ ਬਦਲੇ ‘ਚ ਵਕਫ ਬੋਰਡ ਨੂੰ ਤਕਰੀਬਨ 12 ਕਰੋੜ ਰੁਪਏ ਮਿਲਣੇ ਸਨ। ਵਕਫ ਬੋਰਡ ਦੇ ਹੀ ਇਕ ਅਧਿਕਾਰੀ ਨੇ ਇਨ੍ਹਾਂ ਪੈਸਿਆਂ ਨੂੰ ਵਕਫ ਬੋਰਡ ਦੇ ਖਜ਼ਾਨਿਆਂ ‘ਚ ਤਬਦੀਲ ਕਰਨ ਦੀ ਬਜਾਏ ਉਸ ਨੂੰ ਅਦਾਲਤ ‘ਚ ਉਲਝਾ ਦਿੱਤਾ। ਅਦਾਲਤ ਦਾ ਫੈਸਲਾ ਵਕਫ ਬੋਰਡ ਦੇ ਖਿਲਾਫ ਗਿਆ, ਜਿਸ ਨੂੰ ਖਰੜ ਦੇ ਐਸਟੇਟ ਅਫਸਰ ਮੁਹੰਮਦ ਰਿਜ਼ਵਾਨ ਨੇ ਬੋਰਡ ਤੋਂ ਰਿਕਾਰਡ ਲੁਕੋ ਕੇ ਜਾਣਬੁਝ ਕੇ ਮਾਮਲੇ ਨੂੰ ਅਦਾਲਤ ‘ਚ ਲਿਜਾ ਕੇ ਖੁਦ ਹੀ ਹਰਾਇਆ।
2015 ‘ਚ ਇਹ ਮਾਮਲਾ ਹੋਇਆ ਸੀ। ਵਕਫ ਬੋਰਡ ਕੇਸ ਹਾਰ ਜਾਵੇ ਅਤੇ ਬੋਰਡ ਨੂੰ ਪੂਰਾ ਪੈਸਾ ਨਾ ਮਿਲੇ ਇਸ ਲਈ ਵਕਫ ਬੋਰਡ ਦੇ ਐਸਟੇਟ ਮੁਹੰਮਦ ਰਿਜ਼ਵਾਨ ਨੇ ਪਟੇਦਾਰਾਂ ਨਾਲ ਮਿਲ ਕੇ ਠੋਸ ਸਬੂਤ ਅਦਾਲਤ ਵਿਚ ਪੇਸ਼ ਨਹੀਂ ਕੀਤੇ ਜਿਸ ਕਾਰਣ ਬੋਰਡ ਨੇ 12 ਕਰੋੜ ਵਿਚੋਂ ਤਿੰਨ-ਚੌਥਾਈ ਪਟੇਦਾਰ ਨੂੰ ਦੇਣ ਦਾ ਹੁਕਮ ਸੁਣਾਇਆ ਜਦੋਂਕਿ ਇਸ ਦੇ ਉਲਟ ਤਿੰਨ-ਚੌਥਾਈ ਵਕਫ ਬੋਰਡ ਦੇ ਖਜ਼ਾਨੇ ਵਿਚ ਜਾਣਾ ਸੀ ਅਤੇ ਇਕ-ਚੌਥਾਈ ਪਟੇਦਾਰਾਂ ਨੂੰ ਮਿਲਣਾ ਸੀ।
ਸ਼ੌਕਤ ਅਹਿਮਦ ਪਾਰੇ ਨੇ ਦੱਸਿਆ ਕਿ ਅਜੇ ਤਕ ਲਗਭਗ 6.5 ਕਰੋੜ ਰੁਪਏ ਐੱਸ. ਡੀ. ਐੱਮ. ਦੇ ਰਾਹੀਂ ਬੋਰਡ ਨੂੰ ਮਿਲ ਚੁੱਕੇ ਹਨ। 3.5 ਕਰੋੜ ਰੁਪਏ ਜਾਰੀ ਹੋਣ ਵਾਲੇ ਹੀ ਸਨ ਕਿ ਸਮਾਂ ਰਹਿੰਦਿਆਂ ਉਨ੍ਹਾਂ ਨੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਕਿਹਾ ਕਿ ਹੁਣ ਅਦਾਲਤ ਵਿਚ ਆਪਣਾ ਪੱਖ ਰੱਖ ਕੇ ਰੁਕੇ ਪੈਸੇ ਵੀ ਉਹ ਵਕਫ ਬੋਰਡ ਦੇ ਖਜ਼ਾਨੇ ਵਿਚ ਵਾਪਸ ਲਿਆਉਣਗੇ। ਸ਼ੌਕਤ ਅਹਿਮਦ ਪਾਰੇ ਨੇ ਕਿਹਾ ਕਿ ਖਰੜ ਐਸਟੇਟ ਅਫਸਰ ਮੁਹੰਮਦ ਰਿਜ਼ਵਾਨ ਨੇ ਜਾਣਬੁਝ ਕੇ ਵਕਫ ਬੋਰਡ ਤੋਂ ਇੰਨਾ ਵੱਡਾ ਮਾਮਲਾ ਲੁਕਾਇਆ ਅਤੇ ਇਕ ਮਹੀਨੇ ਤਕ ਇਹ ਹੁਕਮ ਬੋਰਡ ਦਫਤਰ ਵਿਚ ਨਹੀਂ ਪਹੁੰਚਣ ਦਿੱਤਾ ਜਿਸ ਕਾਰਣ ਬੋਰਡ ਨੂੰ ਢਾਈ ਤੋਂ 3 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਸੀ। ਫਿਲਹਾਲ ਇਸ ‘ਤੇ ਰੋਕ ਲਾ ਦਿੱਤੀ ਗਈ ਹੈ। ਸੀ. ਈ. ਓ. ਪਾਰੇ ਨੇ ਕਿਹਾ ਕਿ ਇਸ ਮਾਮਲੇ ਵਿਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਅਤੇ ਇਸ ਬਾਰੇ ਪੜਤਾਲ ਚੱਲ ਰਹੀ ਹੈ।