ਲੰਡਨ – ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵ੍ਹਾਨ ਦਾ ਮੰਨਣਾ ਹੈ ਕਿ ਸਿਰਫ਼ ਭਾਰਤੀ ਕ੍ਰਿਕਟ ਟੀਮ ਹੀ ਆਸਟਰੇਲੀਆ ਨੂੰ ਉਸ ਦੇ ਘਰੇਲੂ ਮੈਦਾਨਾਂ ‘ਤੇ ਹਰਾ ਸਕਦੀ ਹੈ। ਆਸਟਰੇਲੀਆ ਨੇ ਪਾਕਿਸਤਾਨ ਨੂੰ ਦੂਜੇ ਡੇ-ਨਾਈਟ ਕ੍ਰਿਕਟ ਟੈੱਸਟ ‘ਚ ਪਾਰੀ ਅਤੇ 48 ਦੌੜਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਨਾਲ ਕਲੀਨ ਸਵੀਪ ਕਰ ਲਈ। ਵ੍ਹਾਨ ਨੇ ਕਿਹਾ, ”ਮੌਜੂਦਾ ਆਸਟਰੇਲੀਆਈ ਟੀਮ ਨੂੰ ਉਸ ਦੇ ਹਾਲਾਤ ‘ਚ ਹਰਾਉਣ ਦੀ ਸਮਰਥਾ ਸਿਰਫ਼ ਤੇ ਸਿਰਫ਼ ਭਾਰਤੀ ਟੀਮ ‘ਚ ਹੀ ਹੈ।”
ਵਰਲਡ ਟੈੱਸਟ ਚੈਂਪੀਅਨਸ਼ਿਪ ‘ਚ ਆਸਟਰੇਲੀਆ ਨੇ ਇਸ ਕਲੀਨ ਸਵੀਪ ਨਾਲ ਨੰਬਰ ਇੱਕ ‘ਤੇ ਚੱਲ ਰਹੀ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ ਨਾਲ ਆਪਣਾ ਫ਼ਰਕ ਘੱਟ ਕਰ ਲਿਆ ਹੈ। ਭਾਰਤ ਕੋਲ ਹੁਣ ਤਕ 360 ਅੰਕ ਹਨ ਜਦ ਕਿ ਆਸਟਰੇਲੀਆ 176 ਅੰਕਾਂ ਨਾਲ ਦੂਜੇ ਨੰਬਰ ‘ਤੇ ਹੈ। ਇੰਗਲੈਂਡ ‘ਚ ਆਸਟਰੇਲੀਆ ਨੇ 2-2 ਨਾਲ ਏਸ਼ਿਜ਼ ਸੀਰੀਜ਼ ਨੂੰ ਡਰਾਅ ਕਰਾਇਆ ਸੀ ਜਦ ਕਿ ਆਪਣੇ ਘਰੇਲੂ ਸੈਸ਼ਨ ਦੀ ਸ਼ੁਰੂਆਤ ‘ਚ ਆਸਟਰੇਲੀਆ ਨੇ ਪਾਕਿਸਤਾਨ ‘ਤੇ ਕਲੀਨ ਸਵੀਪ ਦਰਜ ਕਰ ਕੇ ਆਪਣੀ ਹਾਲਤ ਮਜਬੂਤ ਕਰ ਲਈ ਹੈ। ਆਸਟਰੇਲੀਆ ਨੇ ਸੀਰੀਜ਼ ਦੇ ਦੋਹਾਂ ਮੈਚਾਂ ‘ਚ ਪਾਰੀ ਨਾਲ ਜਿੱਤ ਦਰਜ ਕੀਤੀ।
ਆਸਟਰੇਲਿਆ ਹੁਣ ਘਰੇਲੂ ਮੈਦਾਨ ਉੱਤੇ ਗੁਆਂਢੀ ਨਿਊ ਜ਼ੀਲੈਂਡ ਦੇ ਨਾਲ ਤਿੰਨ ਮੈਚਾਂ ਦੀ ਟੈੱਸਟ ਸੀਰੀਜ਼ ਖੇਡੇਗਾ। ਭਾਰਤੀ ਟੀਮ ਸਾਲ 2020 ‘ਚ ਆਸਟਰੇਲੀਆ ਦੌਰੇ ‘ਤੇ ਟੈੱਸਟ ਸੀਰੀਜ਼ ਖੇਡੇਗੀ। ਕਪਤਾਨ ਵਿਰਾਟ ਦੀ ਅਗਵਾਈ ‘ਚ ਭਾਰਤ ਫ਼ਿਲਹਾਲ ਨੰਬਰ ਇੱਕ ਟੈੱਸਟ ਟੀਮ ਹੈ ਜਿਸ ਨੇ ਆਪਣੀਆਂ ਆਖ਼ਰੀ ਸੱਤ ਟੈੱਸਟ ਸੀਰੀਜ਼ ਜਿੱਤੀਆਂ ਹਨ। ਭਾਰਤ ਨੇ ਇਸ ਸਾਲ ਜਨਵਰੀ ‘ਚ ਪਹਿਲੀ ਵਾਰ ਆਸਟਰੇਲੀਆ ਦੀ ਜ਼ਮੀਨ ‘ਤੇ ਟੈੱਸਟ ਸੀਰੀਜ਼ ਜਿੱਤੀ ਸੀ।