ਨਵੀਂ ਦਿੱਲੀ— ਆਈ.ਐੱਨ.ਐਕਸ. ਮੀਡੀਆ ਕੇਸ ‘ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਵੀਰਵਾਰ ਨੂੰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਪ੍ਰੈੱਸ ਕਾਨਫਰੰਸ ਕੀਤੀ। ਚਿਦਾਂਬਰਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਮੋਦੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਚਿਦਾਂਬਰਮ ਨੇ ਸਰਕਾਰ ‘ਤੇ ਆਰਥਿਕ ਸੁਸਤੀ ਨੂੰ ਲੈ ਕੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੀ 6 ਤਿਮਾਹੀ ‘ਚ ਦੇਸ਼ ਦੀ ਜੀ.ਡੀ.ਪੀ. 8 ਤੋਂ 4.5 ਫੀਸਦੀ ‘ਤੇ ਆ ਗਈ ਹੈ ਪਰ ਸਰਕਾਰ ਦੀ ਇਸ ਦਿਸ਼ਾ ‘ਚ ਸੁਧਾਰ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਕਿੱਥੇ ਹਨ ਚੰਗੇ ਦਿਨ
ਚਿਦਾਂਬਰਮ ਨੇ ਕਿਹਾ ਕਿ ਦੇਸ਼ ਦੀ ਅਰਥ ਵਿਵਸਥਾ ਵਿਗੜੀ ਪਈ ਹੈ। ਇਸ ਲਈ ਕੋਈ ਹੱਲ ਨਹੀਂ ਲੱਭਿਆ ਜਾ ਰਿਹਾ ਹੈ। ਸਰਕਾਰ ਇਸ ਮਾਮਲੇ ‘ਤੇ ਜਿੱਦੀ ਰਵੱਈਆ ਅਪਣਾਏ ਹੋਏ ਹੈ। ਨੋਟਬੰਦੀ, ਜੀ.ਐੱਸ.ਟੀ. ਅਤੇ ਟੈਕਸ ਟੈਰਰਿਜਮ ਨਾਲ ਦੇਸ਼ ਦੀ ਅਰਥ ਵਿਵਸਥਾ ਆਪਣੇ ਸਭ ਤੋਂ ਬੁਰੇ ਦੌਰ ‘ਚ ਚੱਲੀ ਗਈ ਹੈ। ਉਨ੍ਹਾਂ ਨੇ ਕਿਹਾ,”ਇਸ ਸਰਕਾਰ ਨੇ ਚੰਗੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ। ਕਿੱਥੇ ਹਨ ਚੰਗੇ ਦਿਨ। ਮੈਂ ਤੁਹਾਡੇ ਸਾਹਮਣੇ ਪਿਛਲੀ 6 ਤਿਮਾਹੀ ਦੇ ਅੰਕੜੇ ਰੱਖਦਾ ਹਾਂ। 8 ਫੀਸਦੀ ਤੋਂ 7, 6.6, 5.5, 5 ਅਤੇ ਹੁਣ 4.5 ਫੀਸਦੀ। ਕੀ ਇਹੀ ਸਰਕਾਰ ਦੇ ਚੰਗੇ ਦਿਨ ਹਨ।”
ਅਰਥਵਿਵਸਥਾ ‘ਤੇ ਚੁੱਪ ਹਨ ਪੀ.ਐੱਮ. ਮੋਦੀ
ਚਿਦਾਂਬਰਮ ਨੇ ਕਿਹਾ,”ਜੇਕਰ ਸਾਲ ਦੇ ਅੰਤ ‘ਚ ਗਰੋਥ 5 ਫੀਸਦੀ ਨੂੰ ਛੂੰਹਦੀ ਹੈ ਤਾਂ ਅਸੀਂ ਖੁਦ ਨੂੰ ਕਿਸਮਤਵਾਲੇ ਸਮਝਾਂਗੇ। ਦੇਸ਼ ਦੇ ਵੱਡੇ ਅਰਥਸ਼ਾਸਤਰੀ ਡਾ. ਅਰਵਿੰਦ ਸੁਬਰਮਣੀਅਮ ਨੇ 5 ਫੀਸਦੀ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ ਪਰ ਹੁਣ ਸਥਿਤੀ ਉਸ ਤੋਂ ਵੀ ਖਰਾਬ ਹੈ।” ਉਨ੍ਹਾਂ ਨੇ ਕਿਹਾ,”ਹਰ ਵਾਰ ਦੀ ਤਰ੍ਹਾਂ ਪੀ.ਐੱਮ. ਮੋਦੀ ਇਸ ਮੁੱਦੇ ‘ਤੇ ਚੁੱਪ ਹਨ। ਉਨ੍ਹਾਂ ਨੇ ਇਸ ਮੁੱਦੇ ‘ਤੇ ਆਪਣੇ ਮੰਤਰੀਆਂ ਨੂੰ ਝੂਠ ਬੋਲਣ ਦੀ ਛੂਟ ਦੇ ਦਿੱਤੀ ਹੈ। ਜਿਵੇਂ ਕਿ ਦਿ ਇਕਾਨਮਿਸਟ ਨੇ ਕਿਹਾ ਹੈ ਕਿ ਅਰਥਵਿਵਸਥਾ ਲਈ ਇਹ ਸਰਕਾਰ ਅਸਮਰੱਥ ਪ੍ਰਬੰਧ ਦੇ ਤੌਰ ‘ਤੇ ਉੱਭਰੀ ਹੈ।”
ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤੋਂ ਵਧ
ਚਿਦਾਂਬਰਮ ਨੇ ਕਿਹਾ ਕਿ ਦੁਨੀਆ ਭਰ ਦੇ ਬਿਜ਼ਨੈੱਸ ਦੇ ਦਿੱਗਜ ਕੌਮਾਂਤਰੀ ਅਖਬਰ ਪੜ੍ਹਦੇ ਹਨ ਅਤੇ ਨੰਬਰਾਂ ‘ਤੇ ਖਾਸ ਧਿਆਨ ਦਿੰਦੇ ਹਨ। ਹਰ ਸੈਕਟਰ ਦੇ ਅੰਕੜੇ ਸਾਫ਼ ਕਹਿ ਰਹੇ ਹਨ ਕਿ ਅਰਥ ਵਿਵਸਥਾ ਕਿਹੜੀ ਦਿਸ਼ਾ ‘ਚ ਜਾ ਰਹੀ ਹੈ। ਜੀ.ਡੀ.ਪੀ. ਲਗਾਤਾਰ ਡਿੱਗ ਰਹੀ ਹੈ, ਉਦਯੋਗ ਦੀ ਹਾਲਤ ਖਰਾਬ ਹੈ, ਬੇਰੋਜ਼ਗਾਰੀ ਲਗਾਤਾਰ ਵਧ ਰੀਹ ਹੈ। ਪਿਆਜ਼ ਦੀ ਕੀਮਤ 100 ਰੁਪਏ ਕਿਲੋ ਤੋਂ ਵਧ ਹੈ, ਭਾਵੇਂ ਹੀ ਵਿੱਤ ਮੰਤਰੀ ਪਿਆਜ਼ ਨਹੀਂ ਖਾਂਦੀ ਹੈ।”
ਕਸ਼ਮੀਰ ਦੇ ਨੇਤਾਵਾਂ ਨੂੰ ਲੈ ਕੇ ਚਿੰਤਤ
ਚਿਦਾਂਬਰਮ ਨੇ ਕਿਹਾ,”ਪਿਛਲੀ ਰਾਤ 8 ਵਜੇ ਮੈਂ ਬਾਹਰ ਆਇਆ ਅਤੇ ਆਜ਼ਾਦੀ ‘ਚ ਸਾਹ ਲਿਆ। ਮੇਰਾ ਪਹਿਲਾ ਵਿਚਾਰ ਅਤੇ ਪ੍ਰਾਰਥਨਾ ਕਸ਼ਮੀਰ ਦੇ ਉਨ੍ਹਾਂ 75 ਲੱਖ ਲੋਕਾਂ ਲਈ ਹੈ, ਜਿਨ੍ਹਾਂ ਨੂੰ 4 ਅਗਸਤ ਤੋਂ ਹੁਣ ਤੱਕ ਆਜ਼ਾਦੀ ਨਹੀਂ ਮਿਲੀ ਹੈ।” ਉਨ੍ਹਾਂ ਨੇ ਕਿਹਾ ਕਿ ਮੈਂ ਕਸ਼ਮੀਰ ਦੇ ਨੇਤਾਵਾਂ ਨੂੰ ਲੈ ਕੇ ਚਿੰਤਤ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਚਾਰਜ ਦੇ ਹਿਰਾਸਤ ‘ਚ ਰੱਖਿਆ ਗਿਆ ਹੈ। ਜੇਕਰ ਅਸੀਂ ਆਪਣੀ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਨ੍ਹਾਂ ਦੀ ਆਜ਼ਾਦੀ ਦੀ ਲੜਾਈ ਵੀ ਲੜਨੀ ਚਾਹੀਦੀ ਹੈ।
ਆਈ.ਐੱਨ.ਐਕਸ. ਮੀਡੀਆ ਕੇਸ ਦੇ ਸਵਾਲ ‘ਤੇ ਬੋਲੇ ਚਿਦਾਂਬਰਮ
ਪ੍ਰੈੱਸ ਕਾਨਫਰੰਸ ਦੌਰਾਨ ਚਿਦਾਂਬਰਮ ਤੋਂ ਆਈ.ਐੱਨ.ਐਕਸ. ਮੀਡੀਆ ਕੇਸ ‘ਤੇ ਵੀ ਸਵਾਲ ਕੀਤਾ ਗਿਆ। ਇਸ ‘ਤੇ ਚਿਦਾਂਬਰਮ ਨੇ ਕਿਹਾ,”ਮੈਂ ਕੋਰਟ ‘ਚ ਵਿਚਾਰ ਅਧੀਨ ਮਾਮਲਿਆਂ ‘ਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਮੈਂ ਇਸ ਸਿਧਾਂਤ ‘ਤੇ ਕਾਇਮ ਰਹਾਂਗਾ। ਉਨ੍ਹਾਂ ਨੇ ਕਿਹਾ,”ਸੁਪਰੀਮ ਕੋਰਟ ਦਾ ਆਦੇਸ਼ ਅਪਰਾਧ ਸੰਬੰਧੀ ਕਾਨੂੰਨ ਨੂੰ ਲੈ ਕੇ ਸਾਡੀ ਸਮਝ ‘ਤੇ ਪਈ ਧੂੜ ਦੀਆਂ ਪਰਤਾਂ ਨੂੰ ਸਾਫ਼ ਕਰ ਦੇਵੇਗਾ।