ਮੈਲਬਰਨ – ਪਾਕਿਸਤਾਨ ਅਤੇ ਆਸਟਰੇਲੀਆ ਵਿਚਾਲੇ ਸੀਰੀਜ਼ ਦਾ ਦੂਜਾ ਅਤੇ ਆਖ਼ਰੀ ਟੈੱਸਟ ਮੈਚ ਅੱਜ ਸ਼ੁੱਕਰਵਾਰ 29 ਦਸੰਬਰ ਤੋਂ ਐਡੀਲੇਡ ‘ਚ ਸ਼ੁਰੂ ਹੋਇਆ ਸੀ। ਪਿੰਕ ਬਾਲ ਨਾਲ ਖੇਡੇ ਜਾ ਰਹੇ ਇਸ ਡੇ-ਨਾਈਟ ਟੈੱਸਟ ਮੈਚ ਦਾ ਪਹਿਲਾ ਦਿਨ ਵਾਰਨਰ ਦੇ ਸੈਂਕੜੇ ਦੀ ਮਦਦ ਨਾਲ ਪੂਰੀ ਤਰ੍ਹਾਂ ਨਾਲ ਆਸਟਰੇਲੀਆ ਦੇ ਨਾਂ ਰਿਹਾ ਅਤੇ ਦੂੱਜੇ ਦਿਨ ਸ਼ਨੀਵਾਰ ਤਿਹਰਾ ਸੈਂਕੜਾ ਬਣਾਉਣ ਵਾਲੇ ਵਾਰਨਰ ਨੇ ਇੱਕ ਵੱਡੀ ਉਪਲਬਧੀ ਆਪਣੇ ਨਾਂ ਕਰਨ ਦੇ ਨਾਲ ਹੀ ਆਪਣਾ ਨਾਂ ਰਿਕਾਰਡ ਬੁੱਕ ‘ਚ ਵੀ ਦਰਜ ਕਰਵਾ ਲਿਆ। ਅਜਿਹੇ ‘ਚ ਜੇਕਰ ਵਾਰਨਰ ਮੈਦਾਨ ‘ਤੇ ਥੋੜ੍ਹਾ ਸਮਾਂ ਹੋਰ ਖੇਡ ਲੈਂਦਾ ਤਾਂ ਉਹ ਵਿੰਡੀਜ਼ ਦੇ ਦਿੱਗਜ ਖਿਡਾਰੀ ਬ੍ਰਾਇਨ ਲਾਰਾ ਦੇ 400 ਦੌੜਾਂ ਦੇ ਰਿਕਾਰਡ ਨੂੰ ਵੀ ਤੋੜ ਦਿੰਦਾ, ਪਰ ਕੰਗਾਰੂ ਕਪਤਾਨ ਨੇ ਪਾਰੀ ਖ਼ਤਮ ਦਾ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਫ਼ੈਨਜ਼ ਨੇ ਇਸ ਫ਼ੈਸਲੇ ਦੇ ‘ਤੇ ਕਾਫ਼ੀ ਜ਼ਿਆਦਾ ਨਰਾਜ਼ਗੀ ਜਤਾਈ।
ਪਾਕਿਸਤਾਨ ਖ਼ਿਲਾਫ਼ ਦੋ ਟੈੱਸਟ ਮੈਚਾਂ ਦੀ ਸੀਰੀਜ਼ ਦੇ ਦੂਜੇ ਮੈਚ ‘ਚ ਵਾਰਨਰ ਨੇ ਕਮਾਲ ਦੀ ਬੱਲੇਬਾਜ਼ੀ ਕੀਤੀ। ਉਸ ਨੇ ਪਹਿਲੇ ਦਿਨ 156 ਗੇਂਦਾਂ ‘ਤੇ ਆਪਣਾ ਸੈਂਕੜਾ ਬਣਾਇਆ ਸੀ। ਦੂਜੇ ਦਿਨ ਉਸ ਨੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ ਸਿਰਫ਼ 260 ਗੇਂਦ ‘ਤੇ ਆਪਣਾ ਦੋਹਰਾ ਸੈਂਕੜਾ ਮੁਕੰਮਲ ਕੀਤਾ ਅਤੇ ਫ਼ਿਰ 389 ਗੇਂਦਾਂ ‘ਤੇ ਤਿਹਰਾ ਸ਼ਤਕ ਵੀ ਪੂਰਾ ਕਰ ਲਿਆ। ਇਸ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਉਹ ਮੈਚ ‘ਚ 400 ਦੌੜਾਂ ਦਾ ਸਕੋਰ ਅਸਾਨੀ ਨਾਲ ਪਾਰ ਕਰ ਲਵੇਗਾ, ਪਰ ਜਦੋਂ ਆਸਟਰੇਲੀਆ ਦਾ ਸਕੋਰ 589/3 ਦੌੜਾਂ ਸੀ ਤਾਂ ਕਪਤਾਨ ਟਿਮ ਪੇਨ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਵਾਪਿਸ ਸੱਦ ਲਿਆ ਅਤੇ ਆਪਣੀ ਪਾਰੀ ਨੂੰ ਖ਼ਤਮ ਐਲਾਨ ਕਰ ਦਿੱਤੀ। ਕਪਤਾਨ ਟਿਮ ਪੇਨ ਦੇ ਪਾਰੀ ਖ਼ਤਮ ਐਲਾਨ ਕਰਨ ਦੀ ਵਜ੍ਹਾ ਕਰਕੇ ਡੇਵਿਡ ਵਾਰਨਰ ਬ੍ਰਾਇਨ ਲਾਰੇ ਦੇ 400 ਦੌੜਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਅਤੇ 335 ਦੇ ਨਿੱਜੀ ਸਕੋਰ ‘ਤੇ ਅਜੇਤੂ ਰਿਹਾ।