ਹੈਮਿਲਟਨ – ਨਿਊ ਜ਼ੀਲੈਂਡ ਕ੍ਰਿਕਟ ਟੀਮ ਨੂੰ ਜੁਲਾਈ ਵਿੱਚ ਲੌਰਡਜ਼ ਵਿੱਚ ICC ਵਿਸ਼ਵ ਕੱਪ ਫ਼ਾਈਨਲ ਵਿੱਚ ਵਿਵਾਦਪੂਰਨ ਹਾਲਾਤ ਵਿੱਚ ਹਾਰ ਤੋਂ ਬਾਅਦ ਸ਼ਾਨਦਾਰ ਖੇਡ ਭਾਵਨਾ ਦਿਖਾਉਣ ਲਈ ਕ੍ਰਿਸਟੋਫ਼ਰ ਮਾਰਟਿਨ-ਜੈਨਕਿਨਜ਼ ਸਪਿਰਿਟ ਔਫ਼ ਕ੍ਰਿਕਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਕੇਨ ਵਿਲੀਅਮਸਨ ਅਤੇ ਉਸ ਦੀ ਟੀਮ ਉਸ ਸਮੇਂ ਵਿਸ਼ਵ ਕੱਪ ਖ਼ਿਤਾਬ ਜਿੱਤਣ ਤੋਂ ਖੁੰਝ ਗਈ ਸੀ ਜਦੋਂ ਇੰਗਲੈਂਡ ਨੇ ਓਵਰ ਥ੍ਰੋਅ ‘ਤੇ ਦਿੱਤੀਆਂ ਗਈਆਂ ਵਿਵਾਦਪੂਰਨ ਛੇ ਦੌੜਾਂ ਦੀ ਬਦੌਲਤ ਖ਼ਿਤਾਬੀ ਮੁਕਾਬਲੇ ਨੂੰ ਸੁਪਰ ਓਵਰ ਵਿੱਚ ਖਿੱਚਿਆ ਅਤੇ ਫ਼ਿਰ ਸੁਪਰ ਓਵਰ ਵੀ ਟਾਈ ਰਹਿਣ ‘ਤੇ ਬਾਊਂਡਰੀਆਂ ਗਿਣਨ ਦੇ ਨਿਯਮ ਦੇ ਆਧਾਰ ‘ਤੇ ਪਹਿਲੀ ਵਾਰ ਚੈਂਪੀਅਨ ਬਣਿਆ।

ਇੰਗਲੈਂਡ ਅਤੇ ਨਿਊ ਜ਼ੀਲੈਂਡ ਵਿਚਾਲੇ ਹੈਮਿਲਟਨ ਦੇ ਸੈਡਨ ਪਾਰਕ ਵਿੱਚ ਡਰਾਅ ਹੋਏ ਦੂਜੇ ਟੈੱਸਟ ਦੌਰਾਨ ਮੇਜ਼ਬਾਨ ਟੀਮ ਨੂੰ ਇਹ ਐਵਾਰਡ ਦਿੱਤਾ ਗਿਆ। ਇਹ ਐਵਾਰਡ MCC ਅਤੇ BBC ਨੇ 2013 ਵਿੱਚ MCCA ਦੇ ਸਾਬਕਾ ਮੁਖੀ ਅਤੇ BBC ਦੇ ਟੈਸਟ ਮੈੱਚ ਮਾਹਿਰ ਕੌਮੈਂਟਟੇਰ ਮਾਰਟਿਨ-ਜੈਨਕਿਨਜ਼ ਦੀ ਯਾਦ ਵਿੱਚ ਸ਼ੁਰੂ ਕੀਤਾ ਸੀ।

ਨਿਊ ਜ਼ੀਲੈਂਡ-ਇੰਗਲੈਂਡ ਵਿਚਾਲੇ ਦੂਜਾ ਟੈੱਸਟ ਡਰਾਅ, ਮੇਜ਼ਬਾਨ ਨੇ 1-0 ਨਾਲ ਜਿੱਤੀ ਸੀਰੀਜ਼

ਸਪੋਰਟਸ ਡੈਸਕ – ਕੇਨ ਵਿਲੀਅਮਸਨ ਅਤੇ ਰੌਸ ਟੇਲਰ ਦੇ ਸੈਂਕੜਿਆਂ ਦੀ ਬਦੌਲਤ ਨਿਊ ਜ਼ੀਲੈਂਡ ਨੇ ਇੰਗਲੈਂਡ ਖ਼ਿਲਾਫ਼ ਮੀਂਹ ਨਾਲ ਪ੍ਰਭਾਵਿਤ ਟੈੱਸਟ ਡਰਾਅ ਕਰਾ ਕੇ ਸੀਰੀਜ਼ 1-0 ਨਾਲ ਜਿੱਤ ਲਈ।
ਨਿਊ ਜ਼ੀਲੈਂਡ ਨੂੰ ਆਖ਼ਰੀ ਦਿਨ ਹਾਰ ਤੋਂ ਬਚਣ ਲਈ ਠੋਸ ਪਾਰੀਆਂ ਦੀ ਲੋੜ ਸੀ। ਇਸ ਤੋਂ ਇਲਾਵਾ ਇੰਗਲੈਂਡ ਦੇ ਖ਼ਰਾਬ ਫ਼ੀਲਡਰਾਂ ਨੇ ਉਸ ਦਾ ਰਸਤਾ ਆਸਾਨ ਕਰ ਦਿੱਤਾ। ਵਿਲੀਅਮਸਨ ਨੂੰ ਪਾਰੀ ਵਿੱਚ ਤਿੰਨ ਜੀਵਨਦਾਨ ਮਿਲੇ। ਲੰਚ ਤੋਂ ਤੁਰੰਤ ਬਾਅਦ ਤੇਜ਼ ਮੀਂਹ ਸ਼ੁਰੂ ਹੋ ਗਿਆ ਜਦੋਂ ਨਿਊ ਜ਼ੀਲੈਂਡ ਦਾ ਸਕੋਰ ਦੂਜੀ ਪਾਰੀ ਵਿੱਚ 2 ਵਿਕਟਾਂ ‘ਤੇ 241 ਦੌੜਾਂ ਸੀ। ਟੇਲਰ 105 ਅਤੇ ਵਿਲੀਅਮਸਨ 104 ਦੌੜਾਂ ‘ਤੇ ਖੇਡ ਰਹੇ ਸਨ।

ਇਸ ਜਿੱਤ ਨਾਲ ਨਿਊਜ਼ੀਲੈਂਡ ਦੀ ਪਿਛਲੀਆਂ 10 ਟੈੱਸਟ ਲੜੀਆਂ ਵਿੱਚ ਕਿਰਾਰਡ 8ਵੀਂ ਜਿੱਤ, ਇੱਕ ਡਰਾਅ ਅਤੇ ਦੱਖਣੀ ਅਫ਼ਰੀਕਾ ਤੋਂ ਮਿਲੀ ਇੱਕ ਹਾਰ ਦਾ ਹੋ ਗਿਆ ਹੈ। ਵਿਲੀਅਮਸਨ ਨੇ ਲੰਚ ਤੋਂ ਬਾਅਦ ਤੀਜੇ ਓਵਰ ਵਿੱਚ ਜੋਅ ਰੂਟ ਨੂੰ ਚੌਕਾ ਲਾ ਕੇ ਆਪਣਾ 21ਵਾਂ ਟੈੱਸਟ ਸੈਂਕੜਾ ਪੂਰਾ ਕੀਤਾ। ਉਥੇ ਹੀ ਟੇਲਰ ਨੇ ਰੂਟ ਦੇ ਅਗਲੇ ਓਵਰ ਵਿੱਚ ਆਪਣਾ 19ਵਾਂ ਸੈਂਕੜਾ ਪੂਰਾ ਕੀਤਾ। ਉਸ ਨੇ ਇਸ ਓਵਰ ਵਿੱਚ ਲਗਾਤਾਰ ਦੋ ਗੇਂਦਾਂ ‘ਤੇ ਇੱਕ ਚੌਕਾ ਅਤੇ ਇੱਕ ਛੱਕਾ ਲਾਇਆ।
ਨਿਊ ਜ਼ੀਲੈਂਡ ਨੇ ਦੋ ਵਿਕਟਾਂ ‘ਤੇ 96 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਇੰਗਲੈਂਡ ਦੇ ਇਰਾਦੇ ਸ਼ੁਰੂਆਤੀ ਤਿੰਨ ਵਿਕਟਾਂ ਜਲਦ ਲੈਣ ਦੇ ਸਨ, ਪਰ ਓਲੀ ਪੌਪ ਅਤੇ ਜੋਅ ਡੈਨਲੀ ਨੇ ਵਿਲੀਅਮਸਨ ਦੇ ਅਸਾਨ ਕੈਚ ਛੱਡ ਕੇ ਉਸ ਦੇ ਇਰਾਦਿਆਂ ‘ਤੇ ਪਾਣੀ ਫ਼ੇਰ ਦਿੱਤਾ। ਵਿਲੀਅਮਸਨ ਨੇ ਉਸ ਸਮੇਂ 39 ਦੌੜਾਂ ਹੀ ਬਣਾਈਆਂ ਸਨ ਜਦੋਂ ਪੌਪ ਨੇ ਬੈੱਨ ਸਟੋਕਸ ਦੀ ਗੇਂਦ ‘ਤੇ ਉਸ ਦਾ ਕੈਚ ਛੱਡਿਆ ਸੀ।