ਮੈਲਬਰਨ – ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੇ ਭਾਰਤੀ ਤੇਜ਼ ਗੇਂਦਬਾਜ਼ੀ ਦੀ ਸ਼ਲਾਘਾ ਕੀਤੀ, ਪਰ ਕਿਹਾ ਕਿ ਸਪਿਨਰਾਂ ਨੂੰ ਆਸਟਰੇਲੀਆ ਵਿੱਚ ਪਰੇਸ਼ਾਨੀ ਆਵੇਗੀ ਅਤੇ ਮੇਜ਼ਬਾਨ ਗੇਂਦਬਾਜ਼ੀ ਦਾ ਪਲੜਾ ਭਾਰੀ ਰਹੇਗਾ। ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ ਵਰਗੇ ਤੇਜ਼ ਗੇਂਦਬਾਜ਼ਾਂ ਦੇ ਦਮ ‘ਤੇ ਭਾਰਤ ਟੈੱਸਟ ਰੈਂਕਿੰਗ ‘ਚ ਚੋਟੀ ‘ਤੇ ਪਹੁੰਚਿਆ ਹੈ। ਤਿੰਨਾਂ ਨੇ ਪਿਛਲੇ ਮੁਕਾਬਲੇ ਵਿੱਚ ਆਸਟਰੇਲੀਆ ਖ਼ਿਲਾਫ਼ ਸੀਰੀਜ਼ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਪੌਂਟਿੰਗ ਨੇ ਕਿਹਾ ਕਿ ਭਾਰਤ ਦੇ ਕੋਲ ਭਾਂਵੇ ਮਜ਼ਬੂਤ ਗੇਂਦਬਾਜ਼ੀ ਹਮਲਾ ਹੋਵੇ, ਪਰ ਉਸ ਦੇ ਸਪਿਨਰ ਆਸਟਰੇਲੀਆ ਵਿੱਚ ਲੈਅ ਬਰਕਰਾਰ ਨਹੀਂ ਰੱਖ ਸਕਣਗੇ।
ਇੱਕ ਸਪੋਰਟਸ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਪੌਂਟਿੰਗ ਨੇ ਕਿਹਾ, ”ਭਾਰਤ ਦੇ ਗੇਂਦਬਾਜ਼ ਸ਼ਾਨਦਾਰ ਹਨ। ਬੁਮਰਾਹ ਅਤੇ ਸ਼ਮੀ ਪਿਛਲੇ ਕੁੱਝ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਨੂੰ ਮਿਲਾ ਕੇ ਭਾਰਤ ਦੀ ਤੇਜ਼ ਗੇਂਦਬਾਜ਼ੀ ਚੰਗੀ ਹੈ, ਪਰ ਉਨ੍ਹਾਂ ਦੇ ਸਪਿਨਰਾਂ ਨੂੰ ਆਸਟਰੇਲੀਆ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਸਟਰੇਲੀਆ ਵਿੱਚ ਭਾਰਤੀ ਸਪਿਨਰਾਂ ਦੀ ਤੁਲਨਾ ਵਿੱਚ ਨੇਥਨ ਲਿਓਨ ਦਾ ਰਿਕਾਰਡ ਬਿਹਤਰ ਹੈ। ਆਸਟਰੇਲੀਆਈ ਗੇਂਦਬਾਜ਼ੀ ਬਾਕੀਆਂ ਨਾਲੋਂ ਭਿੰਨ ਹੈ ਜਿਸ ਨਾਲ ਉਹ ਦੂਜੀਆਂ ਟੀਮਾਂ ਤੋਂ ਬਿਹਤਰ ਸਾਬਿਤ ਹੁੰਦੀ ਹੈ।