ਕਪੂਰਥਲਾ— ਪੰਜਾਬ ‘ਚ ਖੇਡੇ ਜਾ ਰਹੇ ਵਿਸ਼ਵ ਕਬੱਡੀ ਕੱਪ ‘ਚ ਹਿੱਸਾ ਲੈ ਰਹੀ ਕੈਨੇਡਾ ਟੀਮ ‘ਚ ਦੋ ਸਕੇ ਭਰਾ ਆਪਣੀ ਖੇਡ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਹਨ। ਦੋਵੇਂ ਭਰਾ ਨਾ ਸਿਰਫ ਪੰਜਾਬੀਅਤ ਨਾਲ ਜੁੜੇ ਹਨ, ਸਗੋਂ ਉਨ੍ਹਾਂ ਨੇ ਕੈਨੇਡਾ ‘ਚ ਵੀ ਸਿੱਖੀ ਦੇ ਨਾਲ-ਨਾਲ ਆਪਣੀ ਮਾਂ ਖੇਡ ਕਬੱਡੀ ਦਾ ਜਨੂੰਨ ਜ਼ਿੰਦਾ ਰੱਖਿਆ ਹੈ। ਦੋਵੇ ਭਰਾਵਾਂ ਦਾ ਜਨਮ ਬੇਸ਼ੱਕ ਕੈਨੇਡਾ ‘ਚ ਹੋਇਆ ਹੈ ਪਰ ਉਨ੍ਹਾਂ ਨੇ ਆਪਣੀ ਪੁਰਖਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ।
ਕਬੱਡੀ ਖੇਡ ‘ਚ ਕਰ ਰਹੇ ਦੋਵੇਂ ਭਰਾ ਕਮਾਲ
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਕੱਪ ‘ਚ ਭਾਰਤ ਸਮੇਤ 8 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਕੈਨੇਡਾ ਦੀ ਟੀਮ ‘ਚ ਦੋ ਸਕੇ ਭਰਾ ਹਰਵਿਨ ਸਿੰਘ ਸੰਘਾ ਅਤੇ ਜੋਬਨ ਸਿੰਘ ਸੰਘਾ ਵੀ ਹਨ। ਇਕ ਭਰਾ ਟੀਮ ‘ਚ ਰੇਡਰ ਹੈ ਅਤੇ ਦੂਜਾ ਕੈਚਰ ਹੈ। ਹਰਵਿਨ ਆਪਣੀ ਖੇਡ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਰਹੇ ਹਨ। ਉਥੇ ਹੀ ਜੋਬਨ ਵੱਡੇ-ਵੱਡੇ ਰੇਡਰਾਂ ਨੂੰ ਰੋਕਣ ‘ਚ ਸਮਰਥ ਹੈ।
ਕਬੱਡੀ ਦੀ ਨਰਸਰੀ ਦੇ ਤੌਰ ‘ਤੇ ਪ੍ਰਸਿੱਧ ਕਪੂਰਥਲਾ ਜ਼ਿਲੇ ਦੇ ਪਿੰਡ ਕਾਲਾ ਸੰਘਿਆ ਵਾਸੀ ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਤੋਚੀ ਦੇ ਇਹ ਦੋਵੇਂ ਕੇਸਧਾਰੀ ਸਪੁੱਤਰ ਕੈਨੇਡਾ ਦੀ ਟੀਮ ‘ਚ ਪ੍ਰਮੁੱਖ ਕੜੀ ਹਨ। ਹਰਵਿਨ ਅਤੇ ਜੋਬਨ ਦੇ ਦਮਦਾਰ ਖੇਡ ਦੇ ਦਮ ‘ਤੇ ਕੈਨੇਡਾ ਦੀ ਟੀਮ ਸੈਮੀਫਾਈਨਲ ‘ਚ ਪਹੁੰਚ ਚੁੱਕੀ ਹੈ।
ਹਰਵਿਨ ਨੇ ਦੱਸਿਆ ਕਿ ਪੰਜਾਬੀ ਸਟਾਈਲ ਕਬੱਡੀ ਖੇਡਣ ਲਈ ਪਹਿਲੀ ਵਾਰ ਭਾਰਤ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਵਿਦੇਸ਼ ‘ਚ ਸਿੱਖਾਂ ਨੂੰ ਬਹੁਤ ਸਨਮਾਨ ਮਿਲਦਾ ਹੈ। ਉਨ੍ਹਾਂ ਨੂੰ ਵੀ ਸਿੱਖ ਪਰਿਵਾਰ ‘ਚ ਜਨਮ ਲੈਣ ਅਤੇ ਸਿੱਖ ਹੋਣ ‘ਤੇ ਬੇਹੱਦ ਮਾਣ ਹੈ। ਸਿੱਖੀ ਦੇ ਨਾਲ-ਨਾਲ ਆਪਣੇ ਪੂਰਵਜਾਂ ਦੀ ਵਿਰਾਸਤੀ ਖੇਡ ਕਬੱਡੀ ਨੂੰ ਹਮੇਸ਼ਾ ਕਾਇਮ ਰੱਖਣਾ ਚਾਹੁੰਦੇ ਹਨ। ਜੋਬਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਕਬੱਡੀ ਨਾਲ ਡੂੰਘਾ ਰਿਸ਼ਤਾ ਰਿਹਾ ਹੈ।