ਫ਼ਿਲਮ ਦ੍ਰਿਸ਼ ਮਾਧਿਅਮ ਨਾਲ ਪ੍ਰਣਾਈ ਇੱਕ ਸੁਹਜ ਕਲਾ ਹੈ। ਵਿਸ਼ਵ ਸਿਨਮਾ ਦੇਖਣ ‘ਤੇ ਅਧਿਐਨ ਕਰਨ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਡਿਜੀਟਲ ਦੌਰ ਵਿੱਚ ਵਿਸ਼ਵ ਸਿਨਮਾ ਨੇ ਨੌਜਵਾਨ ਅਤੇ ਪੜ੍ਹੇ-ਲਿਖੇ ਭਾਰਤੀ ਦਰਸ਼ਕ ਵਰਗ ਤਕ ਬਹੁਤ ਆਸਾਨੀ ਨਾਲ ਪਹੁੰਚ ਬਣਾਈ ਹੋਈ ਹੈ। ਅਜੋਕਾ ਦਰਸ਼ਕ ਜਦੋਂ ਦ੍ਰਿਸ਼-ਕਲਾ ਨਾਲ ਪ੍ਰਣਾਏ ਵਿਸ਼ਵ ਸਿਨਮਾ ਨੂੰ ਦੇਖਦਾ ਹੈ ਤਾਂ ਪੰਜਾਬੀ ਜਾਂ ਭਾਰਤੀ ਸਿਨਮਾ ਦੀ ਤੁਲਨਾ ਸਹਿਜ ਸੁਭਾਅ ਕਰਦਾ ਹੀ ਹੈ। ਸਿਨਮਾ ਦਾ ਜਨਮ ਮੂਕ ਫ਼ਿਲਮਾਂ ਨਾਲ ਹੀ ਹੋਇਆ। ਬੇਸ਼ੱਕ ਇਸ ਪਿੱਛੇ ਕਾਰਨ ਉਸ ਸਮੇਂ ਦੀ ਅਵਿਕਸਤ ਤਕਨੀਕ ਸੀ, ਪਰ ਇਸ ਨਾਲ ਇਸ ਗੱਲ ਨੂੰ ਵੀ ਅਣਗੋਲਿਆਂ ਨਹੀਂ ਕੀਤਾ ਜਾ ਸਕਦਾ ਕਿ ਉਸ ਅਵਿਕਸਤ ਤਕਨੀਕ ਦੇ ਯੁੱਗ ਵਿੱਚ ਦ੍ਰਿਸ਼ ਮਾਧਿਅਮ ਆਪਣੇ ਅਸਲ ਰੂਪ ਵਿੱਚ ਪਨਪ ਰਿਹਾ ਸੀ। ਦਰਸ਼ਕ ਅਦਾਕਾਰਾਂ ਦੇ ਹਾਵ-ਭਾਵ ਅਤੇ ਉਸ ਦੇ ਆਲੇ-ਦੁਆਲੇ ਦੇ ਵਾਤਾਵਰਣ ਤੋਂ ਪੂਰੀ ਕਹਾਣੀ ਨੂੰ ਸਮਝਦੇ ਅਤੇ ਉਸ ਦਾ ਆਨੰਦ ਮਾਣਦੇ ਸਨ।
ਅੱਜ ਇੱਕੀਵੀਂ ਸਦੀ ਦਾ ਪੰਜਾਬੀ ਸਿਨਮਾ ਆਪਣੇ ਮੁੱਢਲੇ ਦ੍ਰਿਸ਼ ਕਲਾ ਰੂਪੀ ਸੁਹਜ-ਸੁਆਦ ਨੂੰ ਗੁਆ ਕੇ ਨਿਰੋਲ ਸੰਵਾਦ ਪ੍ਰਧਾਨ ਰੂਪ ਅਖ਼ਤਿਆਰ ਕਰ ਚੁੱਕਿਆ ਹੈ। ਸੰਵਾਦ ਦਾ ਬੋਲ-ਬੁਲਾਰਾ ਇੰਨਾ ਭਾਰੂ ਹੈ ਕਿ ਸੰਵਾਦ ਸੁਣਦੇ-ਸੁਣਦੇ ਸੂਝਵਾਨ ਅਤੇ ਸੰਵੇਦਨਸ਼ੀਲ ਦਰਸ਼ਕ ਅੱਕ ਜਾਂਦਾ ਹੈ। ਅੱਖਾਂ ਦੀ ਸੁਹਜ ਤ੍ਰਿਪਤੀ ਹੋਵੇ ਅਜਿਹਾ ਦ੍ਰਿਸ਼ ਫ਼ਿਲਮਾਂਕਣ ਲਗਭਗ ਮਨਫ਼ੀ ਹੈ। ਬਹੁਗਿਣਤੀ ਫ਼ਿਲਮਾਂ ਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਦੇ ਸਿਰਲੇਖ ਦਾ ਵਿਸ਼ੇ, ਕਹਾਣੀ ਅਤੇ ਸੰਦੇਸ਼ ਨਾਲ ਕੋਈ ਵਾਹ ਵਾਸਤਾ ਤਕ ਨਹੀਂ ਹੁੰਦਾ। ਵਰਤਮਾਨ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਔਸਤ ਅੰਦਾਜ਼ਨ 100 ‘ਚੋਂ 7-8 ਹੀ ਹੈ।
ਸਾਲ 2019 ਦੇ ਨਵੰਬਰ ਅੱਧ ਤਕ ਲਗਭਗ 40 ਫ਼ਿਲਮਾਂ ਪ੍ਰਦਰਸ਼ਿਤ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਆਰਥਿਕ ਤੌਰ ‘ਤੇ ਸਫ਼ਲ ਫ਼ਿਲਮਾਂ ਦੀ ਗਿਣਤੀ ਵਿੱਚ ਛੜਾ, ਅਰਦਾਸ ਕਰਾਂ, ਚੱਲ ਮੇਰਾ ਪੁੱਤ, ਮੁਕਲਾਵਾ, ਗੁੱਡੀਆਂ ਪਟੋਲੇ ਅਤੇ ਸੁਰਖੀ ਬਿੰਦੀ ਦੇ ਨਾਂ ਹੀ ਹਨ। ਇਨ੍ਹਾਂ ਦੀ ਸਫ਼ਲਤਾ ਪਿੱਛੇ ਕੋਈ ਲੀਕ ਤੋਂ ਹਟ ਕੇ ਬਾਕਮਾਲ ਵਿਸ਼ਾ ਜਾਂ ਬਹੁਤ ਵੱਡੀ ਮੱਲ ਮਾਰਨ ਦਾ ਰਾਜ਼ ਨਹੀਂ ਹੈ ਬਲਕਿ ਸਟਾਰ ਕਾਸਟ ਦੀ ਚੋਣ ਕਹੀ ਜਾ ਸਕਦੀ ਹੈ। ਛੜਾ ਫ਼ਿਲਮ ਵਿੱਚ ਜੇਕਰ ਦਲਜੀਤ ਦੀ ਜਗ੍ਹਾ ਕੋਈ ਘੱਟ ਹਰਮਨ ਪਿਆਰਾ ਅਦਾਕਾਰ/ਗਾਇਕ ਨਾਇਕ ਹੁੰਦਾ ਤਾਂ ਕੀ ਇਸ ਫ਼ਿਲਮ ਨੂੰ ਪਹਿਲੇ ਦਿਨ ਵਿੱਚ ਲਗਭਗ ਡੇਢ ਕਰੋੜ ਦੀ ਓਪਨਿੰਗ ਮਿਲਣੀ ਸੰਭਵ ਸੀ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦਾ ਸਬੰਧ ਸਿੱਧਾ ਸਟਾਰ ਫ਼ੇਸ ਜਾਂ ਸਟਾਰ ਦੇ ਕੱਦ ਨਾਲ ਜੁੜਦਾ ਹੈ।
ਛੜਾ ਅਤੇ ਮੁਕਲਾਵਾ ਦੀ ਕਹਾਣੀ ਵਿੱਚ ਕੋਈ ਵਖਰੇਵਾਂ ਨਹੀਂ ਸੀ। ਛੜਾ ਵਿੱਚ 29 ਸਾਲ ਦੇ ਨਾਇਕ ਨੂੰ ਸਾਰੀ ਫ਼ਿਲਮ ਵਿੱਚ ਬਾਰ-ਬਾਰ ਛੜਾ ਕਹਿਣਾ ਹਾਸੋਹੀਣਾ ਲੱਗਦਾ ਹੈ। ਪੰਜਾਬੀ ਸਮਾਜ-ਸਭਿਆਚਾਰ ਵਿੱਚ ਛੜਾ ਸ਼ਬਦ ਦੇ ਕੀ ਮਾਅਨੇ ਹਨ, ਫ਼ਿਲਮ ਲੇਖਕਾਂ, ਨਿਰਦੇਸ਼ਕਾਂ ਅਤੇ ਫ਼ਿਲਮਸਾਜ਼ਾਂ ਨੂੰ ਪੜ੍ਹ ਦੇਖ ਲੈਣੇ ਚਾਹੀਦੇ ਸਨ। ਰਚਨਾਤਮਕ-ਸਿਰਜਣਾ ਦੇ ਨਾਂ ‘ਤੇ ਆਪਣੀ ਜ਼ੁਬਾਨ, ਬੋਲੀ ਅਤੇ ਸਭਿਆਚਾਰਕ ਸ਼ਬਦਾਂ ਦੇ ਅਰਥਾਂ ਦਾ ਅਨਰਥ ਕਰਨਾ ਹਲਕੇਪਨ ਦਾ ਸਬੂਤ ਹੈ। ਸਭਿਆਚਾਰ ਨਾਲ ਜੁੜੇ ਸਿਰਲੇਖ ਰੱਖ ਕੇ ਅਕਸਰ ਪੰਜਾਬੀ ਸਭਿਆਚਾਰ ਨਾਲ ਬਾਹਰੀ ਅਤੇ ਫ਼ੋਕੀ ਸਾਂਝ, ਫ਼ਿਕਰਮੰਦੀ ਅਤੇ ਹੇਜ ਦਿਖਾਉਣ ਦੀ ਭੁਲੇਖਾ ਪਾਊ ਕੋਸ਼ਿਸ਼ ਕੀਤੀ ਜਾਂਦੀ ਹੈ।
ਅੱਜ ਇੱਕੀਵੀਂ ਸਦੀ ਦੇ ਪੰਜਾਬੀ ਸਮਾਜ ਨੂੰ ਮੁਕਲਾਵੇ ਜਾਂ ਛੜੇ ਜਿਹੇ ਵਿਸ਼ਿਆਂ ਦੀ ਕੀ ਲੋੜ ਹੈ? ਸਿਰਫ਼ ਨਿਰਮਾਤਾ ਨੇ ਚਾਰ ਕਰੋੜ ਦੀ ਇੱਕ ਫ਼ਿਲਮ ਬਣਾ ਕੇ 15-20 ਕਰੋੜ ਰੁਪਏ ਕਮਾਉਣਾ ਹੈ ਅਤੇ ਦਰਸ਼ਕ ਨੇ ਮਲਟੀਪਲੈਕਸ ਵਿੱਚ ਜਾ ਕੇ ਮਨੋਰੰਜਨ ਕਰ ਕੇ ਆਉਣਾ ਹੈ। ਪੰਜਾਬੀ ਫ਼ਿਲਮਾਂ ਦੀਆਂ ਕਹਾਣੀਆਂ, ਕਿਰਦਾਰਾਂ ਅਤੇ ਸੰਵਾਦਾਂ ਤੋਂ ਇੰਝ ਲੱਗਦਾ ਹੈ ਜਿਵੇਂ ਪੰਜਾਬ ਦੇ ਮੁੰਡਿਆਂ ਨੂੰ ਸਿਰਫ਼ ਵਿਆਹ ਦੀ ਹੀ ਹੋੜ ਲੱਗੀ ਹੋਵੇ। ਉਨ੍ਹਾਂ ਅੰਦਰ ਜਿਵੇਂ ਰੋਜ਼ੀ-ਰੋਟੀ, ਸਮਾਜਿਕ-ਆਰਥਿਕ ਤੰਗੀਆਂ, ਸਮਾਜਿਕ-ਰਾਜਨੀਤਕ ਮਸਲਿਆਂ ਅਤੇ ਆਪਣੇ ਭੱਵਿਖ ਪ੍ਰਤੀ ਕੋਈ ਚੇਤਨਤਾ ਤੇ ਚਿੰਤਾ ਹੀ ਨਾ ਹੋਵੇ।
ਕਈ ਫ਼ਿਲਮਸਾਜ਼ ਤਾਂ ਅਜਿਹੇ ਵੀ ਹਨ ਜੋ ਆਪਣੇ ਪ੍ਰਮੋਸ਼ਨਲ ਟੂਰ ਵਿੱਚ ਕਹਿੰਦੇ ਹਨ ਕਿ ਸਾਡੀ ਫ਼ਿਲਮ ਤਾਂ ਹਲਕਾ-ਫ਼ੁਲਕਾ ਮਨੋਰੰਜਨ ਹੈ ਸੋ ਫ਼ਿਲਮ ਦੇਖਣ ਲਈ ਦਰਸ਼ਕ ਨੂੰ ਦਿਮਾਗ਼ ‘ਤੇ ਜ਼ੋਰ ਨਹੀਂ ਪਾਉਣਾ ਪੈਣਾ। ਜੇਕਰ ਫ਼ਿਲਮਸਾਜ਼ ਅਜਿਹੀ ਮਾਨਸਿਕਤਾ ਵਾਲੇ ਹਨ ਜੋ ਦਰਸ਼ਕ ਦੇ ਦਿਮਾਗ਼ ਨੂੰ ਜ਼ਰਾ ਜਿੰਨੀ ਵੀ ਅਸੁਵਿਧਾ ਨਹੀਂ ਦੇਣੀ ਚਾਹੁੰਦੇ ਤਾਂ ਸਾਡਾ ਸਿਨਮਾ ਇੱਕ ਸਸਤਾ ਮਨੋਰੰਜਨ ਹੀ ਹੋ ਸਕਦਾ ਹੈ, ਉਹ ਕਲਾ ਦੇ ਪੈਮਾਨਿਆਂ ਜਾਂ ਕਲਾ ਦੀ ਆਤਮਾ ਤਕ ਨਹੀਂ ਅੱਪੜ ਸਕਦਾ।
ਸਾਡੀਆਂ ਫ਼ਿਲਮਾਂ ਵਿੱਚ ਨਾਇਕ ਅਤੇ ਮੁੱਖ ਪਾਤਰ ਟੋਟਕੇ ਤੇ ਚੁਟਕਲੇਬਾਜ਼ੀ ਰਾਹੀਂ ਇੱਕ ਦੂਜੇ ਨੂੰ ਹਰ ਵਕਤ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਆਮ ਲੋਕਾਈ ਦੇ ਕਿਰਦਾਰਾਂ ਨੂੰ ਸਿਰਫ਼ ਭੰਡਗਿਰੀ ਦਾ ਰੂਪ ਦੇ ਕੇ ਪੇਸ਼ ਕਰਨਾ ਸਿਨਮਾ ਨਹੀਂ ਹੋ ਸਕਦਾ, ਇਸ ਲਈ ਸੰਜੀਦਗੀ ਅਤੇ ਸੱਚਾਈ ਦੇ ਸਨਮੁੱਖ ਹੋ ਕੇ ਕਿਰਦਾਰਾਂ ਨੂੰ ਘੜਨਾ ਪਵੇਗਾ। ਕੁੱਝ ਫ਼ਿਲਮਾਂ ਦੇ ਸਕਰੀਨ ਪਲੇਅ ਅਤੇ ਸੰਵਾਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਪੰਜਾਬੀ ਫ਼ਿਲਮਾਂ ਦੇ ਲੇਖਕਾਂ ਦਾ ਜਾਂ ਤਾਂ ਵਰਤਮਾਨ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੈ ਜਾਂ ਫ਼ਿਰ ਉਨ੍ਹਾਂ ਲੇਖਕਾਂ ਦੀ ਜੀਵਨ ਅਤੇ ਕਲਾ ਪ੍ਰਤੀ ਬੌਧਿਕ ਸਮਝ ਦਾ ਪੱਧਰ ਓਨਾ ਵਿਸ਼ਾਲ ਨਹੀਂ ਜੋ ਦੂਜੇ ਭਾਰਤੀ ਖੇਤਰੀ ਸਿਨਮਾ ਵਿੱਚ ਦੇਖਿਆ ਜਾ ਸਕਦਾ ਹੈ।
ਲਗਭਗ ਹਰ ਫ਼ਿਲਮ ਦੀ ਕਹਾਣੀ, ਕਿਰਦਾਰ, ਲੁਕੇਸ਼ਨਾਂ ਅਤੇ ਸੰਵਾਦ ਇਕੋ ਜਿਹੇ ਨਜ਼ਰ ਆਉਂਦੇ ਹਨ। ਮੰਜੇ ਬਿਸਤਰੇ-2 ਭਾਵੇਂ ਹਿੱਟ ਹੋਣ ਦਾ ਨਾਮਣਾ ਖੱਟਣ ਵਾਲੀ ਸ਼੍ਰੇਣੀ ਵਿੱਚ ਸ਼ਾਮਿਲ ਹੈ, ਪਰ ਹਰ ਦ੍ਰਿਸ਼ ਵਿੱਚ ਝੁੰਡ ਵਾਂਗ ਸਾਰੇ ਕਲਾਕਾਰਾਂ ਨੂੰ ਇਕੱਠੇ ਕਰ ਕੇ ਇਕੋ ਪੱਧਰ ‘ਤੇ ਸੰਵਾਦ ਬੋਲਣੇ ਇੰਝ ਲੱਗਦਾ ਹੈ ਜਿਵੇਂ ਕੁੱਕੜਾਂ ਦੀ ਲੜਾਈ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੋਵੇ। ਨਾਮਵਰ ਅਦਾਕਾਰਾਂ ਨੂੰ ਹਲਕੇ ਪੱਧਰ ਦੀ ਵਾਰਤਾਲਾਪ, ਵਿੰਗੇ-ਟੇਢੇ ਚਿਹਰੇ ਬਣਾ ਕੇ ਬਿਨਾਂ ਸਿਰ-ਪੈਰ ਦੇ ਕਾਰਜ (ਐਕਸ਼ਨ) ਦਾ ਹਿੱਸਾ ਬਣਾ ਕੇ ਪੇਸ਼ ਕਰਨਾ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਦੀ ਕਿਹੋ ਜਿਹੀ ਰਚਨਾਤਮਕ ਦ੍ਰਿਸ਼ਟੀ ਹੈ?
ਔਸਤਨ ਪੱਧਰ ਦੇ ਸਕਰੀਨ ਪਲੇਅ ਨਾਲ ਸੰਵਾਦਾਂ ਦੇ ਸ਼ੋਰ-ਗੁੱਲ ਵਾਲੀਆਂ ਫ਼ਿਲਮਾਂ ਜਦੋਂ ਹਿੱਟ ਹੋਣ ਦਾ ਪ੍ਰਮਾਣ ਦਿੰਦੀਆਂ ਹਨ ਤਾਂ ਅਜਿਹੇ ਵਿੱਚ ਦਰਸ਼ਕ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦਾ ਹੈ। ਸਿਨਮਾ ਦਾ ਦਰਸ਼ਕ ਨੌਜਵਾਨ ਹੈ, ਪਰ ਇਨ੍ਹਾਂ ਵਿੱਚ ਸਿਨਮਾ ਦੀ ਸਮਝ ਰੱਖਣ ਵਾਲੇ ਦਰਸ਼ਕ ਸਿਰਫ਼ ਪੰਜ ਪ੍ਰਤੀਸ਼ਤ ਹੀ ਹੋਣਗੇ। ਉਹ ਪੰਜ ਪ੍ਰਤੀਸ਼ਤ ਪੰਜਾਬੀ ਸਿਨਮਾ ਦੀ ਬਜਾਏ ਹਿੰਦੀ ਸਿਨਮਾ, ਦੂਜੇ ਖੇਤਰੀ ਸਿਨਮਾ ਅਤੇ ਵਿਸ਼ਵ ਸਿਨਮਾ ਨੂੰ ਤਰਜੀਹ ਦਿੰਦੇ ਹਨ। ਸਿਨਮਾ ਨੂੰ ਕਲਾਤਮਕ ਰੂਪ ਵਿੱਚ ਦੇਖਣ ਲਈ ਬਹੁਗਿਣਤੀ ਦਰਸ਼ਕਾਂ ਦਾ ਬੌਧਿਕ ਵਿਕਾਸ ਹਾਲੇ ਹੋਣਾ ਹੈ। ਵਰਤਮਾਨ ਪੰਜਾਬੀ ਨੌਜਵਾਨ ਸਮਾਜਿਕ-ਰਾਜਨੀਤਕ ਅਤੇ ਸਭਿਆਚਾਰਕ ਪਹਿਲੂਆਂ ਨਾਲੋਂ ਟੁੱਟਦਾ ਜਾ ਰਿਹਾ ਹੈ ਜਿਸ ਨਾਲ ਸਮਾਜਿਕ ਨਿਘਾਰ ਉਪਜਿਆ ਹੈ ਅਤੇ ਇਸਦਾ ਅਸਰ ਕਲਾ ‘ਤੇ ਹੋਣਾ ਲਾਜ਼ਮੀ ਹੈ। ਨੌਜਵਾਨ ਜਿਸ ਤਰ੍ਹਾਂ ਦੇ ਮਾਨਸਿਕ ਦਵੰਦਾਂ ਨਾਲ ਜੂਝ ਰਿਹਾ ਹੈ ਉਸ ਦੀ ਸਾਡੇ ਵਰਤਮਾਨ ਸਿਨਮਾ ਵਿੱਚ ਝਲਕ ਮਾਤਰ ਵੀ ਨਹੀਂ।
ਉਪਰੋਕਤ ਦੇ ਸੰਦਰਭ ਵਿੱਚ ਕਹਿ ਸਕਦੇ ਹਾਂ ਕਿ ਚੱਲ ਮੇਰਾ ਪੁੱਤ ਪਰਵਾਸੀ ਪੰਜਾਬੀ ਨੌਜਵਾਨਾਂ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਬਾਖ਼ੂਬੀ ਫ਼ਿਲਮਾਉਂਦੀ ਹੈ, ਪਰ ਇਸ ਵਿੱਚ ਵੀ ਪੰਜ-ਛੇ ਅਦਾਕਾਰ ਜਦੋਂ ਸੰਵਾਦਾਂ ਦੀ ਬਰਸਾਤ ਸ਼ੁਰੂ ਕਰਦੇ ਹਨ ਤਾਂ ਦ੍ਰਿਸ਼ ਦਰ ਦ੍ਰਿਸ਼ ਇਹ ਸਿਲਸਿਲਾ ਰੁਕਦਾ ਨਹੀਂ। ਕੀ ਅਜਿਹੀ ਫ਼ਿਲਮਸਾਜ਼ੀ ਨਾਲ ਪੰਜਾਬੀ ਸਿਨਮਾ ਆਪਣੀ ਸਾਖ ਬਣਾ ਸਕੇਗਾ? ਗੁੱਡੀਆਂ ਪਟੋਲੇ ਫ਼ਿਲਮ ਵਿੱਚ ਮਾਂ-ਧੀ ਅਤੇ ਨਾਨੀ-ਦੋਹਤੀ ਦਾ ਭਾਵਨਾਤਮਕ ਰਿਸ਼ਤਾ ਪੇਸ਼ ਕਰ ਕੇ ਕਹਾਣੀ ਪੱਖੋਂ ਨਵਾਂਪਨ ਮਿਲਦਾ ਹੈ, ਪਰ ਸੁਹਜਾਤਮਕ ਪੱਖ ਤੋਂ ਕੋਈ ਵੱਡੀ ਪ੍ਰਾਪਤੀ ਨਹੀਂ ਗਿਣੀ ਜਾ ਸਕਦੀ। ਅਰਦਾਸ ਕਰਾਂ ਵਰਗੀ ਗੰਭੀਰ ਸਮਾਜਿਕ ਫ਼ਿਲਮ ਨੂੰ ਸਫ਼ਲਤਾ ਮਿਲਣੀ ਆਟੇ ‘ਚ ਲੂਣ ਬਰਾਬਰ ਹੈ ਅਤੇ ਇਸ ਫ਼ਿਲਮ ਨੇ ਇਹ ਵੀ ਸਿੱਧ ਕੀਤਾ ਹੈ ਕਿ ਗੰਭੀਰ ਵਿਸ਼ਿਆਂ ਦੀਆਂ ਫ਼ਿਲਮਾਂ ਨੂੰ ਵੀ ਦਰਸ਼ਕ ਪਸੰਦ ਕਰਦੇ ਹਨ। ਇਹੀ ਗੱਲ ਸੁਰਖੀ ਬਿੰਦੀ ਦੇ ਸੰਦਰਭ ਵਿੱਚ ਵੀ ਕਿਹੀ ਜਾ ਸਕਦੀ ਹੈ। ਸੰਜੀਦਾ ਵਿਸ਼ੇ ਨੂੰ ਸਹੀ ਢੰਗ ਨਾਲ ਪੇਸ਼ ਕਰ ਕੇ ਇਹ ਫ਼ਿਲਮ ਆਪਣਾ ਸਥਾਨ ਬਣਾਉਣ ਵਿੱਚ ਕਾਮਯਾਬ ਰਹੀ ਹਾਲਾਂਕਿ ਇਹ ਛੜਾ, ਮੁਕਲਾਵਾ ਅਤੇ ਚੱਲ ਮੇਰਾ ਪੁੱਤ ਜਿੰਨਾ ਮੁਨਾਫ਼ਾ ਨਹੀਂ ਖੱਟ ਸਕੀ।
ਇਸ ਸਾਲ ਦੀਆਂ ਪੰਜ-ਛੇ ਕੁ ਫ਼ਿਲਮਾਂ ਦੀ ਵਪਾਰਕ ਸਮਰਥਾ ਨਾਲ ਜੇ ਇਹ ਮੰਨ ਲਿਆ ਜਾਵੇ ਕਿ ਇਹ ਸੰਪੂਰਨ ਪੰਜਾਬੀ ਸਿਨਮਾ ਦੀ ਪ੍ਰਾਪਤੀ ਦੀ ਗਵਾਹੀ ਭਰਦੀਆਂ ਹਨ ਤਾਂ ਇਹ ਤਸਵੀਰ ਦਾ ਇੱਕ ਪਾਸਾ ਹੈ। ਸਿਨਮਾ ਨਾ ਤਾਂ ਸਿਰਫ਼ ਗੰਭੀਰ ਸਮਾਜਿਕ ਵਿਸ਼ਿਆਂ ਦਾ ਫ਼ਿਲਮਾਂਕਣ ਸਾਧਨ ਹੈ ਅਤੇ ਨਾ ਹੀ ਸਸਤਾ ਮਨੋਰੰਜਨ। ਸਿਨਮਾ ਤਾਂ ਵਿਸ਼ੇ ਦੀ ਗੰਭੀਰਤਾ ਨੂੰ ਪ੍ਰਣਾਏ ਮਨੋਰੰਜਨ ਦਾ ਦ੍ਰਿਸ਼ ਕਲਾ ਨਾਲ ਸੁਮੇਲ ਹੈ। ਵਰਤਮਾਨ ਪੰਜਾਬੀ ਫ਼ਿਲਮਾਂ ਵਿੱਚ ਹਲਕਾ ਮਨੋਰੰਜਨ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਕਲਾ ਤਾਂ ਈਦ ਦੇ ਚੰਨ ਵਾਲੀ ਗੱਲ ਹੋ ਗਈ ਹੈ। ਇਸ ਸਾਲ ਦੀਆਂ ਵਧੇਰੇ ਫ਼ਿਲਮਾਂ ਵਪਾਰਕ ਪੱਖੋਂ ਚਾਹੇ ਸਫ਼ਲ ਹੋਣ ਜਾਂ ਅਸਫ਼ਲ ਕਲਾਤਮਕ ਪੱਖ ਤੋਂ ਕੋਰੀਆਂ ਅਤੇ ਸੰਵਾਦ ਪ੍ਰਧਾਨ ਹੋਣ ਕਰ ਕੇ ਮਹਿਜ਼ ਖਾਨਾਪੁਰਤੀ ਦਾ ਹੀ ਹਿੱਸਾ ਬਣ ਕੇ ਰਹਿ ਗਈਆਂ। ਪੰਜਾਬੀ ਸਿਨਮਾ ਕਲਾਤਮਕ ਨਾ ਹੋ ਕੇ ਸ਼ੋਰ-ਸ਼ਰਾਬੇ ਦਾ ਰੂਪ ਧਾਰਨ ਕਰ ਚੁੱਕਾ ਹੈ, ਜੋ ਪੰਜਾਬੀ ਫ਼ਿਲਮਸਾਜ਼ਾਂ, ਨਿਰਦੇਸ਼ਕਾਂ ਅਤੇ ਲੇਖਕਾਂ ਦੀ ਕਲਾ ਪ੍ਰਤੀ ਵਚਨਬੱਧਤਾ ‘ਤੇ ਵੱਡਾ ਸਵਾਲੀਆ ਨਿਸ਼ਾਨ ਹੈ।